11 ਫਰਵਰੀ, 2020 Click for English
ਕੈਮਰਾ ਮੇਜ਼ ਤੇ ਪਿਆ ਹੈ ਅਤੇ ਮੈਂ ਬਿੱਲਕੁਲ ਬਿਨਾਂ ਹਿਲਿਆਂ ਬੈਠਾ ਗਾਲੜ ਵੱਲ ਵੇਖ ਰਿਹਾ ਹਾਂ, ਜਿਹੜਾ ਹੌਲੀ ਹੌਲੀ ਨੇੜੇ ਆ ਰਿਹਾ ਹੈ। ਮੇਰੇ ਵਿੱਚ ਕੈਮਰੇ ਨੂੰ ਚੁੱਕਣ ਦੀ ਹਿੰਮਤ ਵੀ ਨਹੀਂ ਪੈੋ ਰਹੀ। ਜਦੋਂ ਗਾਲੜ ਦਾ ਧਿਆਨ ਪਾਸੇ ਹਟਦਾ ਹੈ ਤਾਂ ਮੈਂ ਹੌਸਲਾ ਕਰਕੇ ਕੈਮਰਾਂ ਚੁੱਕਣ ਲਈ ਵਧਾਂਉਂਦਾ ਹਾਂ, ਪਰ ਜਿਵੇਂ ਗਾਲੜ ਮੇਰੀ ਸੋਚ ਨਾਲ ਜੁੜਿਆ ਹੋਵੇ, ਉਦੋਂ ਹੀ ਉਸਦੀ ਨਿਗਾ ਮੇਰੇ ਤੇ ਟਿਕ ਜਾਂਦੀ ਹੈ।
“ਚਾਹ ਬਣ ਗਈ ਹੈ, ਅੰਦਰ ਆ ਜਾਓ, ਕਿ ਸਾਰਾ ਦਿਨ ਹੁਣ ਬਾਹਰ ਹੀ ਬੈਠੇ ਰਹਿਣਾ ਹੈ,” ਮੇਰੀ ਘਰ ਵਾਲੀ ਪੋਰਚ ਦੇ ਦਰਵਾਜ਼ੇ ਤੇ ਆਕੇ ਬੋਲਦੀ ਹੈ। ਬੱਸ ਉਸਦੇ ਬੋਲਣ ਦੀ ਦੇਰ ਸੀ ਕਿ ਗਾਲੜ ਹੋ ਗਿਆ ਤਿੱਤਰ ਬਿੱਤਰ। ਅੱਜ ਫੇਰ ਬਚ ਗਿਆ, ਅਗਲੀ ਵਾਰ ਮੈਂ ਕੈਮਰਾ ਤਿਆਰ ਬਰ ਤਿਆਰ ਕਰਕੇ, ਹੱਥ ਚ ਫੜ ਕੇ ਬੈਠਾਂਗਾ, ਇਹ ਫੈਸਲਾ ਕਰਕੇ ਮੈਂ ਅੰਦਰ ਚਲਾ ਜਾਂਦਾ ਹਾਂ।
ਮੈਂ ਆਪਣਾ ਚਾਹ ਦਾ ਕੱਪ ਫੜਕੇ ਕੰਪਿਊਟਰ ਤੇ ਬੈਠ ਜਾਂਦਾ ਹਾਂ, ਇੱਕ ਰਿਟਾਇਰ ਹੋਏ ਬੰਦੇ ਲਈ ਕੰਮ ਵੀ ਹੋਰ ਕਿੰਨੇ ਕੁ ਹੁੰਦੇ ਹਨ? ਨਿਊ ਯਾਰਕ ਟਾਈਮਜ਼ ਵਿੱਚ ਮੋਟੀ ਸੁਰਖੀ ਹੈ ਕਿ WHO ਨੇ ਕਰੋਨਾ ਵਾਇਰਸ ਨੂੰ ਨਵਾਂ ਨਾਂ ਦੇ ਦਿੱਤਾ ਹੈ ਛੌੜੀਧ-19। ਨਾਂ ਇਸ ਤਰਾਂ ਚੁਣਿਆ ਹੈ ਤਾਂ ਜੋ ਇਸ ਵਾਇਰਸ ਨੂੰ ਕਿਸੇ ਇਨਸਾਨ, ਜਗਾਹ ਜਾਂ ਜਾਨਵਰ ਨਾਲ ਜੋੜ ਕੇ ਨਾ ਵੇਖਿਆ ਜਾ ਸਕੇ।ਤਿੰਨ ਚਾਰ ਦਿਨ ਪੁਰਾਣੀ ਇੱਕ ਖਬਰ ਤੇ ਨਿਗ੍ਹਾ ਜਾ ਟਿਕਦੀ ਹੈ। ਚੀਨੀ ਡਾਕਟਰ ਲੀ ਵੈਨਲੀਆਂਗ (Dr. Li Wenliang) ਦੀ ਮੌਤ ਦੀ ਖਬਰ ਹੈ, ਲਿਖਿਆ ਹੈ ਕਿ ਡਾਕਟਰ ਦੀ ਮੌਤ ਵਾਇਰਸ ਨਾਲ ਹੋਈ ਹੈ। ਪੜ ਕੇ ਮਨ ਵਿੱਚ ਮੌਤ ਦੇ ਕਾਰਨ ਤੇ ਸ਼ੱਕ ਪੈਦਾ ਹੁੰਦਾ ਹੈ। ਇਹ ਉਹੋ ਡਾਕਟਰ ਸੀ ਜਿਸਨੇ ਰੌਲਾ ਪਾਇਆ ਸੀ ਕਿ ਚੀਨੀ ਗੌਰਮਿੰਟ ਤੋਂ ਵਾਇਰਸ ਬੇਕਾਬੂ ਹੋ ਰਿਹਾ ਹੈ, ਅਤੇ ਉਹ ਸਾਰੀਆਂ ਖਬਰਾਂ ਤੇ ਪਰਦਾ ਪਾ ਰਹੀ ਹੈ।
ਅਸੀਂ ਹੁਣੇ ਹੁਣੇ ਪ੍ਰੀਵਾਰ ਸਮੇਤ ਤਨਜ਼ਾਨੀਆਂ ਤੋਂ ਵਾਪਸ ਮੁੜੇ ਹਾਂ। ਬਹੁਤ ਵਧੀਆ ਚੱਕਰ ਸੀ, ਗਰਾਂਗਾਰੋ (Ngorongoro) ਨੈਸ਼ਨਲ ਪਾਰਕ ਅਤੇ ਗਰਾਂਗਾਰੋ ਦੇ ਡੂੰਘੇ ਕਰੇਟਰ ਵਿੱਚ ਖੁੱਲੀ ਛੱਤ ਵਾਲੀ ਜੀਪ ਵਿੱਚ ਘੁੰਮਣਾ ਜਿੱਥੇ ਚਾਰੇ ਪਾਸੇ ਗਿੱਦੜਾਂ ਹਿਰਨਾਂ ਤੋਂ ਲੈਕੇ, ਹਾਥੀ ਸ਼ੇਰ ਬਘੇਰਿਆਂ ਤੀਕਰ ਤਰਾਂ ਤਰਾਂ ਦੇ ਜੰਗਲੀ ਜਾਨਵਰ ਘੁੰਮਦੇ ਹੋਣ, ਅਤੇ ਉਹਦੇ ਵਿੱਚਕਾਰ ਨਿੱਕੇ ਨਿੱਕੇ ਝੌਂਪੜੀਆਂ ਵਾਲੇ ਮਾਜਰਿਆਂ ਵਿੱਚ ਲੋਕੀ ਰਹਿੰਦੇ ਹੋਣ, ਕਿਤੇ ਮੀਲਾਂ ਤੀਕਰ ਚਾਰੇ ਪਾਸੇ ਹਰੇ ਭਰੇ ਖੁੱਲੇ ਮੈਦਾਨ ਦਿਸਣ ਤੇ ਕਿਤੇ ਤੁਸੀਂ ਜੰਗਲ ਵਿੱਚੋਂ ਲੰਘ ਰਹੇ ਹੋਵੋ – ਤੁਹਾਨੂੰ ਕੁਦਰਤ ਦੇ ਬਹੁਤ ਨੇੜੇ ਹੋਣ ਦਾ ਅਹਿਸਸ ਹੋ ਜਾਂਦਾ ਹੈ। ਐਸ ਟ੍ਰਿਪ ਦੌਰਾਨ ਹੀ ਮੈਨੂੰ ਫੋਟੋਗਰਾਫੀ ਦਾ ਸ਼ੌਕ ਪੈਦਾ ਹੋਇਆ। ਕੁੱਝ ਕੁ ਸਾਲ ਪਹਿਲਾਂ ਮੈਂ Nikon d610 ਕੈਮਰਾ ਖਰੀਦਿਆ ਸੀ ਪਰ ਵਰਤਿਆ ਬਹੁਤਾ ਨਹੀਂ ਸੀ। ਹੁਣ ਫੋਟੋਗ੍ਰਾਫੀ ਦੀ ਅਹਿਮੀਅਤ ਮਹਿਸੂਸ ਹੋਣ ਲੱਗ ਪਈ ਹੈ, ਲੰਘ ਰਹੇ ਪਲਾਂ ਨੂੰ, ਆਪਣੇ ਇਰਦ ਗਿਰਦ ਨੂੰ, ਉਡਦੇ ਪੰਛੀਆਂ ਨੂੰ, ਛਲਾਂਗਾ ਮਾਰਦੇ ਜਾਨਵਰਾਂ ਨੂੰ ਕੈਮਰੇ ਚ ਕੈਦ ਕਰਕੇ ਰੱਖ ਲੈਣ ਦੀ ਚਾਹਨਾਂ ਪੈਦਾ ਹੋ ਗਈ ਹੈ। ਪਤਾ ਨਹੀਂ ਇਹਦਾ ਕੀ ਕਾਰਨ ਹੈ, ਆਪਣੀ ਲੰਘ ਰਹੀ ਉਮਰ ਦਾ ਅਹਿਸਾਸ ਜਾਂ ਕੁਦਰਤ ਦੀ ਖੂਬਸੂਰਤੀ ਲਈ ਉਪਜੀ ਨਵੀਂ ਸ਼ਲਾਘਾ। ਘਰ ਦੇ ਪਿਛਲੇ ਲ਼ਾਨ ਵਿੱਚ ਇੱਕ ਗਾਲੜ ਰਹਿੰਦਾ ਹੈ ਕਈ ਮਹੀਨਿਆਂ ਤੋਂ ਉਹਨੂੰ ਭੱਜਦਾ ਨੱਠਦਾ ਵੇਖ ਰਿਹਾ ਹਾਂ, ਅਤੇ ਕੱਲ ਦਾ ਫਤੂਰ ਚੜਿਆ ਹੈ ਇਹਨੂੰ ਕੈਮਰੇ ਚ ਕੈਦ ਕਰਨ ਦਾ।
ਪਿਛਲੇ ਮਹੀਨੇ ਕੁ ਦੇ ਸਮੇਂ ਵਿੱਚ ਕਿੰਨਾ ਕੁੱਝ ਵਾਪਰ ਚੁੱਕਾ ਹੈ।ਕਰੋਨਾ ਬਿਮਾਰੀ ਇੰਡੀਆ ਪਹੁੰਚ ਚੁੱਕੀ ਹੈ, ਚੀਨ ਤੋਂ ਮੁੜੇੇ ਕੈਰਲਾ ਦੇ ਵਿਦਿਆਰਥੀ ਇਸ ਦਾ ਸ਼ਿਕਾਰ ਹਨ। ਵਟਸਐਪ ਤੇ ਦਿਲਚਸਪ ਮੈਸੇਜਜ਼ ਤੇ ਵੀਡੀਓ ਆ ਰਹੇ ਨੇ। ਕੋਈ ਕਹਿ ਰਿਹਾ ਹੈ ਕਿ ਚੀਨ ਗੌਰਮਿੰਟ ਝੂਠ ਬੋਲ ਰਹੀ ਹੈ, ਉਥੇ ਮੌਤਾਂ ਹਜ਼ਾਰਾਂ ਵਿੱਚ ਨਹੀਂ, ਲੱਖਾਂ ਵਿੱਚ ਹੋ ਰਹੀਆਂ ਨੇ, ਕਿਸੇ ਨੇ ਵੀਡੀਓ ਪਾਇਆ ਹੋਇਆ ਹੈ ਜਿਸ ਵਿੱਚ ਚੀਨ ਦੀ ਪੁਲੀਸ ਬਿਮਾਰੀ ਦੇ ਸ਼ੱਕ ਵਾਲੇ ਲੋਕਾਂ ਨੂੰ ਉਹਨਾਂ ਦੇ ਘਰਾਂ ਅਤੇ ਕਾਰਾਂ ਵਿਚੋਂ ਕੱਢ ਕੱਢ, ਰੱਬ ਜਾਣੇ ਕਿੱਥੇ ਲੈ ਜਾ ਰਹੀ ਹੈ। WHO ਨੇ ਬਿਮਾਰੀ ਨੂੰ ਦੁਨਿਆਵੀਂ ਪੱਧਰ ਤੇ ਐਮਰਜੈਂਸੀ ਹੋਣ ਦਾ ਐਲਾਨ ਕਰ ਦਿੱਤਾ ਹੈ, ਟ੍ਰੰਪ ਨੇ ਚੀਨ ਤੋਂ ਆ ਰਹੀ ਆਵਾਜਾਈ ਰੋਕ ਦਿੱਤੀ ਹੈ, ਬਿਮਾਰੀ ਦੇ ਮਰੀਜ਼ ਹੁਣ ਚੀਨ ਤੋਂ ਬਾਹਰ ਵੀ ਮਿਲਣ ਲੱਗ ਗਏ ਨੇ, ਜਾਪਾਨ ਨੇ ਛੁੱਟੀਆਂ ਮਨਾ ਰਹੇ ਹਜ਼ਾਰਾਂ ਲੋਕਾਂ ਨਾਲ ਭਰਿਆ ਸਮੁੰਦਰੀ ਜਹਾਜ਼, ਕੰਢੇ ਲੱਗਣ ਤੋਂ ਰੋਕ ਦਿੱਤਾ ਹੈ। ਕੁਦਰਤ ਵੀ ਕੀ ਅਜੀਬ ਚੀਜ਼ ਹੈ, ਡਾਇਮੰਡ ਪਰਿੰਸੈਸ, ਮਤਲਬ ਹੀਰਿਆਂ ਵਾਲੀ ਰਾਜਕੁਮਾਰੀ, ਕਿੰਨਾ ਸੁਹਣਾ ਨਾਂ ਹੈ ਜਿਸਨੂੰ ਸੁਣਕੇ ਕਦੀ ਜਹਾਜ਼ ਦੀ ਸੁਹਾਵਣੀ ਜਿਹੀ ਸ਼ਕਲ ਸਾਹਮਣੇ ਆਂਉਂਦੀ ਹੋਣੀ ਹੈ। ਅੱਜ ਇਹੋ ਨਾਂ ਸੁਣਕੇ ਨਰਕ ਦੀ ਝਲਕ ਪੈਂਦੀ ਹੈ। ਉੱਥੇ ਲੋਕਾਂ ਨੂੰ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕੈਦ ਕੀਤਾ ਹੋਇਆ ਹੈ, ਆਪਣੇ ਆਪਣੇ ਕਮਰਿਆਂ ਵਿੱਚ ਤਾੜਿਆ ਹੋਇਆ ਹੈ, ਬੱਸ ਖਾਣਾ ਉਹਨਾਂ ਦੇ ਦਰਵਾਜ਼ੇ ਤੀਕਰ ਪਹੁੰਚਾ ਦਿੱਤਾ ਜਾਂਦਾ ਹੈ। ਬਹੁਤੇ ਅੰਦਰ ਵਾਲੇ ਕਮਰਿਆਂ ਦੇ ਵਾਸੀ ਤਾਂ ਵਿਚਾਰੇ, ਸੂਰਜ ਦੀ ਤਾਂ ਕੀ, ਸਮੁੰਦਰ ਦੇ ਵਿਚਕਾਰ ਰਹਿੰਦੇ ਹੋਇਆਂ ਸਮੁੰਦਰ ਦੀ ਵੀ ਝਲਕ ਨਹੀਂ ਲੈ ਸਕਦੇ।
17 ਫਰਵਰੀ 2020
ਅੱਜ ਸਵੇਰ ਦਾ ਮੀਂਹ ਪੈ ਰਿਹਾ ਹੈ। ਮੇਰੀ ਨਜ਼ਰ ਖਿੜਕੀ ਚੋਂ ਬਾਹਰ ਪੈਂਦੀ ਹੈ, ਥੋੜੀ ਦੇਰ ਲਈ ਮੀਂਹ ਰੁਕ ਗਿਆ ਹੈ ਤੇ ਗਾਲੜ ਘਾਹ ਵਿੱਚ ਭੱਜਿਆ ਫਿਰਦਾ ਹੈ। ਮੈਂ ਫਟਾ ਫੱਟ ਕੈਮਰਾ ਤਿਆਰ ਕਰਕੇ, ਹੌਲੀ ਜਿਹੇ ਪੋਰਚ ਦਾ ਦਰਵਾਜ਼ਾ ਖੋਲਦਾ ਹਾਂ। ਗਾਲੜ ਮੇਰੀ ਆਮਦ ਤੋਂ ਬਿਲਕੁੱਲ ਬੇਖਬਰ ਕੁੱਝ ਖਾਣ ਵਿੱਚ ਰੁਝਾ ਹੈ, ਮੈਂ ਫੋਟੋ ਵਾਲੇ ਸਹੀ ਫਾਸਲੇ ਤੇ ਪਹੁੰਚ ਜਾਂਦਾ ਹਾਂ, ਤੇ ਆਪਣੀ ਹੁਸ਼ਿਆਰੀ ਤੇ ਨਾਜ਼ ਕਰਦਾ ਹੋਇਆ ਕੈਮਰਾ ਅੱਖ ਨਾਲ ਲਾਂਉਂਦਾ ਹਾਂ।
“ਗਿੱਲੇ ਘਾਹ ਚ ਅੰਦਰ ਵਾਲੀ ਚੱਪਲ ਪਾਂਈ ਫਿਰਦੇ ਓਂ, ਸਾਰਾ ਗੰਦ ਤੁਸੀਂ ਅੰਦਰ ਲੈ ਆਉਣਾ ਏ,” ਪਿੱਛੋਂ ਘਰ ਵਾਲੀ ਦੀ ਕੜਕਦੀ ਆਵਾਜ਼ ਪੈਂਦੀ ਹੈ । ਐਸ ਤੋਂਂ ਪਹਿਲਾਂ ਗਾਲੜ ਕੈਮਰੇ ਦੇ ਫੋਕਸ ਵਿੱਚ ਆਂਉਂਦਾ, ਲੰਮੀਆਂ ਛਲਾਂਗਾ ਉਹਨੂੰ ਮੇਰੀ ਨਜ਼ਰ ਤੋਂ ਪਾਸੇ ਲੈ ਜਾਂਦੀਆਂ ਨੇ ਅਤੇ ਮੈਂ ਆਪਣੀ ਅਣਗਹਿਲੀ ਨੂੰ ਕੋਸਦਾ ਵਾਪਸ ਮੁੜਦਾ ਹਾਂ।
ਅੰਦਰ ਆਕੇ ਖਬਰ ਪੜਦਾ ਹਾਂ, ਗੂਗਲ ਬਾਬਾ ਦੱਸ ਰਿਹਾ ਹੈ ਕਿ ਚੀਨ ਨੇ ਕਨੂੰਨ ਪਾਸ ਕਰ ਕੇ ਜੰਗਲੀ ਜਾਨਵਰਾਂ ਨੂੰ ਖਾਣ ਦੀ ਮਨਾਹੀ ਕਰ ਦਿੱਤੀ ਹੈ। ਖਬਰ ਪੜ ਕੇ ਕਿਸੇ ਦਾ ਵਟਸਐਪ ਤੇ ਪਾਇਆ ਵੀਡੀਓ ਅੱਖਾਂ ਸਾਹਮਣੇ ਘੁੰਮ ਜਾਂਦਾ ਹੈ, ਚੀਨ ਦੀ ਇੱਕ ਮੀਟ ਮਾਰਕੀਟ ਦਾ ਵੀਡੀਓ ਸੀ- ਹਰ ਤਰਾਂ ਦੇ ਜਿਓਂਦੇ ਜਾਨਵਰ, ਚੂਹਿਆਂ, ਸੱਪਾਂ ਤੇ ਅਜਗਰਾਂ ਤੋਂ ਲੈਕੇ, ਕੁੱਤਿਆਂ, ਬਿੱਲੀਆਂ,ਚਮਗਿੱਦੜਾਂ, ਜੰਗਲੀ ਸੂਰਾਂ ਅਤੇ ਬਾਂਦਰਾਂ ਤੀਕਰ ਪਿੰਜਰਿਆਂ ਵਿੱਚ ਸੁੱਟੇ ਹੋਏ ਸਨ ਅਤੇ ਮੀਟ ਲੈਣ ਵਾਲਿਆਂ ਨਾਲ ਬਜ਼ਾਰ ਭਰਿਆ ਪਿਆ ਸੀ। ਤੁਸੀਂ ਕੱਟਿਆ ਕਟਾਇਆ ਅਤੇ ਤਾਜ਼ਾ ਭੁੰਨਿਆ ਮੀਟ ਲੈ ਸਕਦੇ ਸੀ ਤੇ ਜਾਂ ਆਪਣੇ ਸਾਹਮਣੇ ਜਿਓਂਦੇ ਜਾਨਵਰ ਨੂੰ ਕਟਵਾਕੇ ਪੂਰਾ ਜਾਨਵਰ ਜਾਂ ਉਹਦਾ ਕੋਈ ਹਿੱਸਾ ਪੈਕ ਕਰਵਾ ਸਕਦੇ ਸੀ। ਆਪਣੀ ਬਾਰੀ ਉਡੀਕ ਰਹੇ ਲਾਚਾਰ ਜਾਨਵਰ ਸਾਰਾ ਤਸ਼ੱਦਦ ਵੇਖ ਰਹੇ ਸਨ। ਇਹ ਸਾਰੇ ਜਾਨਵਰ ਜੰਗਲਾਂ ਚੋਂ ਫੜੇ ਜਾਂਦੇ ਹਨ। ਚੱਲੋ ਵਿਚਾਰੇ ਜੰਗਲੀ ਜਾਨਵਰਾਂ ਨੂੰ ਹੀ ਕਰੋਨਾ ਦਾ ਫਾਇਦਾ ਹੋਇਆ, ਸੋਚ ਕੇ ਮਨ ਨੂੰ ਸਕੂਨ ਮਿਲਿਆ।
ਅਖਬਾਰਾਂ ਕੋਲ ਜਿਵੇਂ ਖਬਰਾਂ ਮੁੱਕ ਗਈਆਂ ਹੋਣ, ਬੱਸ ਇਕੋ ਖਬਰ ਚੱਲ ਰਹੀ ਹੈ, ਕਰੋਨਾ ਦੀ। ਚੀਨ ਤੋਂ ਬਾਅਦ ਕਰੋਪੀ ਇਰਾਨ ਚ ਆਈ ਹੋਈ ਹੈ। ਦੱਖਣੀ ਅਮਰੀਕਾ ਵਿੱਚ ਕਰੋਨਾ ਦੇ ਮਰੀਜ਼ ਦੀ ਖਬਰ ਆਈ, ਫੇਰ ਯੋਰਪ ਵਿੱਚ ਮਰੀਜ਼ਾਂ ਦੇ ਪਤਾ ਲੱਗਣ ਦੀਆਂ ਖਬਰਾਂ ਵਧਣੀਆਂ ਸ਼ੁਰੂ ਹੋ ਗਈਆਂ। ਪਾਕਿਸਤਾਨੀ ਅਖਬਾਰ ਡਾਨ ਤੇ ਜਿੰਨੇ ਆਰਟੀਕਲ ਛਪਦੇ ਨੇ ਸੋਹਣੇ ਹੁੰਦੇ ਨੇ, ਪਰ ਉਸਤੋਂ ਵੀ ਜ਼ਿਅਦਾ ਮਨੋਰੰਜਨ ਲੋਕਾਂ ਦੇ ਕੋਮੈਂਟਸ ਪੜਨ ਵਿੱਚ ਹੁੰਦਾ ਹੈ। ਕਈ ਵਾਰ ਇੱਕ ਇੱਕ ਆਰਟੀਕਲ ਤੇ ਸੈਂਕੜੇ ਕੌਮੈਂਟਸ ਲਿਖੇ ਹੁੰਦੇ ਨੇ। ਕੌਮੈਂਟਸ ਪੜ ਪੜ ਕੇ ਮੈਂ ਆਪਣੇ ਮਨ ਵਿੱਚ ਡਾਨ ਪਾੜੂਆਂ ਨੂੰ ਚਾਰ ਸ਼ਰੇਣੀਆਂ ਵਿੱਚ ਵੰਡਿਆ ਹੋਇਆ ਹੈ 1) ਉਹ ਭਾਰਤੀ ਮੂਲ ਦੇ ਪਾੜੂ ਜਿਹਨਾਂ ਦੇ ਕੌਮੈਂਟਸ ਹਰ ਤਰੀਕੇ ਨਾਲ ਪਾਕਿਸਤਾਨ ਨੂੰ ਨੀਵਾਂ ਦਿਖਾਉਣ ਲਈ ਲਿਖੇ ਹੁੰਦੇ ਹਨ 2) ਪਾਕਿਸਤਾਨੀ ਮੂਲ ਦੇ ਨੈਸ਼ਨਿਲਿਸਟ ਜਿਨਾਂ ਦੇ ਕੌਮੈਂਟਸ ਹਰ ਤਰੀਕੇ ਨਾਲ ਭਾਰਤੀਆਂ ਨੂੰ ਨੀਵਾਂ ਦਿਖਾਉਣ ਲਈ ਲਿਖੇ ਹੁੰਦੇ ਹਨ 3) ਤੀਜੀ ਸ਼ਰੇਣੀ ਹੈ ਜਿਹਨਾਂ ਨੂੰ ਮੈਂ ਰੈਸ਼ਨਲ ਪਾੜੂ ਕਹਿੰਦਾ ਹਾਂ ਜਿਹੜੇ ਖਬਰ ਨੂੰ ਸਿਰਫ ਖਬਰ ਕਰਕੇ ਪੜਦੇ ਹਨ, ਉਹਨਾਂ ਦੀਆਂ ਟਿਪਣੀਆਂ ਛੋਟੀਆਂ ਤੇ ਸਾਦਾ ਕਿਸਮ ਦੀਆਂ ਹੁੰਦੀਆਂ ਹਨ, 4) ਚੌਥੀ ਕਿਸਮ ਹੈ ਉਹਨਾਂ ਦੀ, ਇਹ ਥੋੜੇ ਹੀ ਹਨ, ਜਿਹੜੇ ਪਾਕਿਸਤਾਨੀ-ਭਾਰਤੀ, ਭਾਈ ਭਾਈ ਦਾ ਨਾਹਰਾ ਗੱਡ ਕੇ ਮਾਰਦੇ ਹਨ। ਪਾਕਿਸਤਾਨ ਨੇ ਜਦੋਂ ਆਪਣੇ ਵਿਦਿਆਰਥੀ ਵੂਹਾਨ ਚੋਂ ਬਾਹਰ ਨਾਂ ਕੱਢੇੇ, ਤਾਂ ਉਹਦੇ ਬਾਰੇ ਹੋਈ ਤੂੰ ਤੂੰ, ਮੈਂ ਮੈਂ, ਕਾਫੀ ਦਿਲਚਸਪ ਸੀ। ਅੱਜ ਕੱਲ ਮੁਕਾਬਲਾ ਚੱਲ ਰਿਹਾ ਹੈ ਇਮਰਾਨ ਖਾਨ ਤੇ ਮੋਦੀ ਵਿਚੋਂ ਕਿਹੜਾ ਇਸ ਬਿਮਾਰੀ ਨੂੰ ਵਧੀਆ ਕਾਬੂ ਕਰ ਰਿਹਾ ਹੈ।
ਮਾੜੀਆਂ ਖਬਰਾਂ ਵਿੱਚ ਦਿਲ ਖੁਸ਼ ਕਰਨ ਵਾਲੀਆਂ ਖਬਰਾਂ ਵੀ ਹੁੰਦੀਆਂ ਹਨ, ਜਿਵੇਂ ਕਿ ਸਾਢੇ ਕੁ ਚਾਰ ਸੌ ਮੁਸਾਫਰਾਂ ਨੂੰ ਡਾਇਮੰਡ ਪਰਿੰਸੈਸ ਜਹਾਜ਼ ਚੋਂ ਘਰੇ ਲੈ ਆਉਣ ਦੀ ਖਬਰ ।ਫਿਰ ਇਟਲੀ ਵਿੱਚ ਕੇਸਾਂ ਦੀ ਗਿਣਤੀ ਵਧਣ ਦੀਆਂ ਖਬਰਾਂ ਡਰਾਉਣ ਲੱਗਦੀਆਂ ਹਨ ਅਤੇ ਟ੍ਰੰਪ ਨੇ ਯੂ ਐਸ ਕਾਂਗਰਸ ਕੋਲੋਂ ਬਿਮਾਰੀ ਨਾਲ ਲੜਨ ਲਈ 1.25 ਖਰਬ ਡਾਲਰਾਂ ਦੀ ਮੰਗ ਕੀਤੀ। ਐਨੇ ਵਿੱਚ ਬਿਮਾਰੀ ਦੱਖਣੀ ਅਮਰੀਕਾ ਵਿੱਚ ਪਹੁੰਚ ਗਈ ਹੈ ਤੇ ਯੋਰਪ ਵਿੱਚ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ ਹੈ। 28 ਫਰਵਰੀ ਨੂੰ ਅਫਰੀਕਾ ਵਿੱਚ ਪਹਿਲੇ ਕੇਸ ਦੀ ਖਬਰ ਆਈ ਜਾਨ ਬਚੀ ਲਾਖੋਂ ਪਾਏ ਦਾ ਖਿਆਲ ਦਿਲ ਚੋਂ ਨਿੱਕਲ ਗਿਆ, ਅਸੀ ਅਫਰੀਕਾ ਤੋਂ ਢਾਈ ਕੁ ਹਫਤੇ ਪਹਿਲਾਂ ਹੀ ਮੁੜੇ ਸਾਂ।ਹੁਣ ਅਮਰੀਕਾ ਨੇ ਵੀ ਮੋਰਚਾ ਗੱਡ ਲਿਆ, ਬਾਹਰਲੀ ਆਵਾਜਾਈ ਤੇ ਪਾਬੰਦੀ ਲਾ ਦਿੱਤੀ, ਚੱਲੋ ਦੇਰ ਆਏ ਦਰੁੱਸਤ ਆਏ। ਇੰਡੀਆ ਵਿੱਚ ਕੇਸਾਂ ਦੇ ਵਧਣ ਦੀਆਂ ਖਬਰਾਂ ਆਉਣ ਲੱਗੀਆਂ ਹਨ। ਇਰਾਨ ਅਤੇ ਸਾਊਥ ਕੋਰੀਆ ਤੋਂ ਮੁੜੇ ਭਾਰਤੀ ਨਾਗਰਿਕਾਂ ਤੇ ਉੰਗਲ ਉੱਠ ਰਹੀ ਹੈ।
(ਅਗਲੇ ਅੰਕ ਲਈ ਕਲਿੱਕ ਕਰੋ)

5 1 vote
Article Rating
Subscribe
Notify of
guest

1 Comment
Inline Feedbacks
View all comments
Binder
Binder
3 years ago

One day it will prove to be nice commentary on what was going on in the world in February, 2020, and how one writer living in USA was perceiving it. Nicely expressed!