11 ਮਾਰਚ 2020 (ਲੜੀ ਜੋੜਨ ਲਈ ਪਹਿਲਾ ਅੰਕ) Click For English
ਮੈਂ ਬਾਹਰ ਤਿਆਰ ਬਰ ਤਿਆਰ ਕੈਮਰਾ ਫੜੀ, ਗਾਲੜ ਦੀ ਤਾਕ ਵਿੱਚ ਬੈਠਾ ਹਾਂ, ਪਰ ਲੱਗਦਾ ਏ ਉਹ ਜਿਵੇ ਕਿਸੇ ਰਿਸ਼ਤੇ ਦਾਰੀ ਚ ਮਿਲਣ ਗਿਆ ਹੋਵੇ। ਬੱਦਲਵਾਈ ਤੇ ਠੰਡ ਹੈ ਐਸ ਵਾਰ ਬਹਾਰ ਦੀ ਤੀਬਰਤਾ ਨਾਲ ਉਡੀਕ ਹੈ। ਥੋੜੀ ਗਰਮੀ ਨਾਲ ਸ਼ਾਇਦ ਇਹ ਵਾਇਰਸ ਖਤਮ ਹੀ ਹੋ ਜਾਵੇ, ਤੇ ਸ਼ਾਇਦ ਮੌਸਮ ਬਦਲਣ ਨਾਲ ਲੋਕਾਂ ਦਾ ਧਿਆਨ ਇਸ ਹਨੇਰੇ ਤੋਂ ਪਰੇ ਹਟ ਜਾਵੇ। ਮੇਰੀ ਨਿਗਾਹ ਲਾਅਨ ਦੇ ਕੰਢੇ ਤੇ ਲੱਗੇ ਪੱਤਿਓਂ ਵਿਹੂਣੇ ਦ੍ਰਖਤਾਂ ਤੇ ਪੈਂਦੀ ਹੈ।
![]() | ![]() |
ਵਟਸਐਪ ਤੇ ਸੈਕੜੇ ਨਵੇਂ ਐਕਟਰ, ਪਰੋਡਿਊਸਰ ਅਤੇ ਕਰੋਨਾ ਵਾਇਰਸ ਦੇ ਮਾਹਰ ਪੈਦਾ ਹੋ ਗਏ ਹਨ। ਟ੍ਰੰਪ, ਮੋਦੀ ਦੀਆਂ ਪੈਰੋਡੀਆਂ ਬਣ ਗਈਆਂ ਹਨ, ਲਾਕਡਾਊਨ ਨਾਲ ਘਰੇ ਘਿਰੇ ਮਰਦਾਂ ਉਤੇ ਔਰਤਾਂ ਦੀ ਬੇਰਹਿਮੀ ਦੇ ਚੁਟਕਲੇ ਆਉਣ ਲੱਗ ਪਏ ਹਨ, ਉਹਨਾਂ ਮਰਦਾਂ ਦੇ ਜਿਹਨਾਂ ਨੂੰ ਕਦੀ ਘਰਦੇ ਕੰਮ ਦਾ ਕਦੇ ਕੋਈ ਅਹਿਸਾਸ ਨਹੀਂ ਸੀ ਹੋਇਆਂ, ਝਾੜੂ ਮਾਰਦਿਆਂ ਅਤੇ ਭਾਂਡੇ ਮਾਂਜਦਿਆਂ ਦੇ ਵੀਡੀਓ ਆ ਰਹੇ ਨੇ। ਪੁਰਾਣੇ ਗੀਤਾਂ ਦੀਆਂ ਤਰਜ਼ਾ ਉੱਤੇ ਕਰੋਨਾ ਦੇ ਗੀਤ ਬਣ ਗਏ, ਧਾਰਮਿਕ ਬੰਦਿਆਂ ਵੱਲੋਂ ਅਰਦਾਸਾਂ ਅਤੇ ਰੱਬ ਦੀ ਸ਼ਕਤੀ ਦੇ ਬਿਆਨਾਂ ਦੀ ਭਰਮਾਰ ਲੱਗ ਗਈ ਹੈ।ਵਟਸਐਪ ਇੱਕ ਯੂਨਵਿਰਸਿਟੀ ਬਣ ਚੁੱਕੀ ਹੈ ਜਿਸ ਵਿੱਚ ਹਜ਼ਾਰਾਂ ਉਹ ਵਿਦਵਾਨ ਜਿਹਨਾਂ ਨੇ ਕਦੇ ਸਾਇੰਸ ਦੀ ਇੱਕ ਕਿਤਾਬ ਵੀ ਨਹੀਂ ਪੜੀ ਹੋਣੀ, ਬਿਮਾਰੀ ਦੇ ਇਲਾਜ ਦੇ ਨੁਸਖੇ ਦੱਸ ਰਹੇ ਹਨ। ਇੱਕ ਦਿਨ ਅਜਿਹੇ ਦੱਸੇ ਇੱਕ ਨੁਕਤੇ ਕਾਰਨ ਇਰਾਨ ਚ ਸਪ੍ਰਿਟ ਪੀਣ ਨਾਲ ਹੋਈਆਂ ਸੈਕੜੇ ਮੌਤਾਂ ਦੀ ਖਬਰ ਲੱਗੀ ਹੋਈ ਸਾਹਮਣੇ ਆਉਂਦੀ ਹੈ।ਸਿੱਖਾਂ ਦੇ ਦੁਨੀਆਂ ਭਰ ਵਿੱਚ ਲਾਏ ਲੰਗਰਾਂ ਦੀ ਭਰਪੂਰ ਸ਼ਲਾਘਾ ਸੁਣ ਕੇ ਖੁਦ ਦਾ ਸਿੱਖ ਹੋਣਾਂ ਚੰਗਾ ਚੰਗਾ ਲੱਗਣ ਲੱਗ ਪਿਆ ਹੈ।
29 ਮਾਰਚ 2020:
ਸਾਡੀ ਬਰੈਡਫੋਰਡ ਪੇਅਰ ਫੁੱਲਾਂ ਨਾਲ ਭਰ ਚੁੱਕੀ ਹੈ. ਪਿਛਲੇ ਦ੍ਰਖਤਾਂ ਦੀ ਕਤਾਰ ਵਿੱਚ ਲੰਮੇ ਰੁੱਖ ਤਾਂ ਹਾਲੇ ਖਾਲੀ ਹੀ ਹਨ, ਪਰ ਨੀਵੇਂ ਵਾਲੇ ਪੱਤਿਆਂ ਨਾਲ ਭਰ ਚੁੱਕੇ ਹਨ। ਜਦੋਂ ਮੈਂ ਫੋਟੋਆਂ ਲੈਣ ਲੱਗਾ ਸਾਂ ਤਾਂ ਮੂਹਰੇ ਖੜੇ ਪੱਤਿਓਂ ਵੀਹੂਣੇ ਆੜੂ ਦੇ ਦ੍ਰਖਤ ਨੂੰ ਨੋਟ ਹੀ ਨਹੀਂ ਸੀ ਕੀਤਾ, ਹੁਣ ਕਿਵੇਂ ਫੁਲਾਂ ਨਾਲ ਭਰਿਆ ਸਾਰਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਕਰੋਨਾ ਵਾਇਰਸ ਜਿਹੀ ਨਿੱਕੀ ਜਿਹੀ ਚੀਜ਼ ਨੇ ਕਿਵੇਂ ਦੁਨੀਆਂ ਦੀ ਚਾਲ ਬਦਲ ਦਿੱਤੀ ਹੈ।ਦੁਨੀਆਂ ਭਰ ਦੀਆਂ ਸੜਕਾਂ ਖਾਲੀ ਹੋ ਗਈਆਂ ਨੇ, ਪ੍ਰਦੂਸ਼ਣ ਕਰਨ ਵਾਲੀਆਂ ਫੈਕਟਰੀਆਂ ਬੰਦ ਪਈਆਂ ਨੇ, ਵਾਤਾਵਰਣ ਐਨਾ ਸਾਫ ਹੋ ਗਿਆ ਹੈ ਕਿ, ਲੁਧਿਆਣੇ, ਜਲੰਧਰ ਦੀਆਂ ਦੂਰੀਆਂ ਤੋਂ ਇੱਕ ਵਾਰ ਫੇਰ ਨੰਗੀ ਅੱਖ ਨਾਲ ਹਿਮਾਲਾ ਪ੍ਰਬਤ ਦਿੱਸਣ ਲੱਗ ਪਿਆ ਹੈ। ਪੰਛੀਆਂ ਦੀ ਚਹਿ ਚਹਾਕ ਕਿੰਨੀ ਸਾਫ ਸੁਣਾਈ ਦੇਣ ਲੱਗ ਪਈ ਹੈ।ਜਿਹੜੇ ਜੰਗਲੀ ਜਾਨਵਰ ਮਨੁੱਖਤਾ ਦੀ ਮੌਜੂਦਗੀ ਕਾਰਨ ਲੁਕੇ ਰਹਿੰਦੇ ਸਨ ਤੇ ਲੋਕਾਂ ਨੂੰ ਉਹਨਾਂ ਦੇ ਇਰਦ ਗਿਰਦ ਹੋਂਣ ਦਾ ਅਹਿਸਾਸ ਵੀ ਨਹੀਂ ਸੀ, ਹੁਣ ਬਾਹਰ ਆਉਣ ਦੀ ਹਿੰਮਤ ਕਰ ਰਹੇ ਨੇ। ਪਰ ਅਣੋਖੀ ਗੱਲ ਇਹ ਹੈ ਕਿ ਉਧਰੋਂ ਹਵਾ ਸਾਫ ਹੋਣ ਲੱਗ ਪਈ ਹੈ ਤੇ ਐਧਰੋਂ ਮਨੁੱਖ ਨੂੰ ਮਾਸਕ ਪਾਕੇ ਬਾਹਰ ਨਿੱਕਲਣਾ ਪੈ ਰਿਹਾ ਹੈ।
![]() | ![]() |
ਪਿਛਲੇ ਮਹੀਨੇ ਮਨੁੱਖ ਦੀ ਬਣਤਰ ਦੇ ਦੋਵਾਂ ਸਿਰਿਆਂ ਨੂੰ ਗੌਹ ਨਾਲ ਵੇਖਣ ਦਾ ਮੌਕਾ ਮਿਲਿਆ। ਜਿੱਥੇ ਜਾਨਾਂ ਦੀ ਬਾਜ਼ੀ ਲਾਕੇ ਲੋੜਵੰਦਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾਂ ਲੰਗਰ ਖੁਆਉਣ ਨਾਲ ਇਨਸਾਨ ਦੇ ਚੰਗੇ ਪਹਿਲੂ ਸਾਹਮਣੇ ਆਏ, ਉਥੇ ਮਨੁੱਖ ਦੇ ਕਈ ਸਵਾਰਥੀ ਤੇ ਘਿਨਾਉਣੇ ਪੱਖਾਂ ਤੇ ਵੀ ਸਿੱਧੀ ਝਲਕ ਪਈ। ਸੁਣਿਆ ਸੀ ਸਿੱਖ ਹਰਮੰਦਰ ਸਾਹਿਬ ਦੇ ਰਾਗੀ ਸਿੰਘਾ ਦਾ ਬੇਹੱਦ ਸਤਿਕਾਰ ਕਰਦੇ ਹਨ ਪਰ ਵੇਰਕਾ ਪਿੰਡ ਦੇ ਲੋਕਾਂ ਨੇ ਹਰਮੰਦਰ ਸਾਹਿਬ ਦੇ ਨਾਮੀ ਹਜ਼ੂਰੀ ਰਾਗੀ, ਭਾਈ ਨਿਰਮਲ ਸਿੰਘ ਦਾ ਪਿੰਡ ਦੀ ਸ਼ਮਸ਼ਾਨ ਵਿੱਚ ਸੰਸਕਾਰ ਵੀ ਨਹੀਂ ਹੋਣ ਦਿੱਤਾ। ਅਖੀਰ ਉਹਨਾਂ ਦਾ ਸੰਸਕਾਰ ਪਿੰਡ ਤੋਂ ਦੁਰਾਡੇ ਇੱਕ ਅਨਜਾਣੀ ਥਾਂ ਵਿੱਚ ਕਰਨਾਂ ਪਿਆ। ਜਿਹੜੀ ਪੁਲੀਸ ਲੋਕਾਂ ਦੀ ਆਪਣੀ ਭਲਾਈ ਲਈ, ਉਹਨਾਂ ਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਪੁਲੀਸ ਨੂੰ ਉਹੀ ਲੋਕ ਪੱਥਰ ਮਾਰ ਰਹੇ ਹਨ। ਮੁਲਕ ਕੋਲ ਡਾਕਟਰਾਂ ਤੇ ਨਰਸਾਂ ਦੇ ਬਚਾਅ ਲਈ ਲੋੜੀਂਦੀ ਤਾਦਾਦ ਵਿੱਚ ਮਾਸਕਾਂ ਅਤੇ ਹੋਰ ਜ਼ਰੁਰੀ ਚੀਜ਼ਾਂ ਨਹੀਂ ਹਨ, ਪਰ ਉਹ ਵਿਚਾਰੇ ਫੇਰ ਵੀ ਜਾਨ ਤਲੀ ਤੇ ਧਰ ਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਦੂਜੇ ਪਾਸੇ ਮਕਾਨ ਮਾਲਕਾਂ ਵੱਲੋਂ ਡਾਕਟਰਾਂ ਤੇ ਨਰਸਾਂ ਨੂੰ ਕਿਰਾਏ ਦੇ ਘਰਾਂ ਵਿਚੋਂ ਖਦੇੜ ਕੇ ਸੜਕਾਂ ਤੇ ਸੁੱਟਿਆ ਜਾ ਰਿਹਾ ਹੈ, ਐਸ ਡਰੋਂ ਕਿ ਉਹ ਕਿਤੇ ਹਸਪਤਾਲਾਂ ਚੋਂ ਬਿਮਾਰੀ ਘਰੇ ਨਾਂ ਲਈ ਆਉਣ। ਲੋੜ ਵੇਲੇ ਲੋਕੀ ਜਿਹੜੇ ਡਾਕਟਰਾਂ ਨੂੰ ਦੇਵਤਿਆਂ ਵਾਂਗੂੰ ਪੂਜਦੇ ਸਨ, ਹੁਣ ਉਹ ਉਹਨਾਂ ਡਾਕਟਰਾਂ ਨੂੰ ਹੀ ਅਛੂਤਾਂ ਵਾਂਗ ਦੁਰਕਾਰ ਰਹੇ ਨੇ।
ਜਦੋਂ ਲੋਕੀ ਘਰੇ ਬੈਠ ਕੇ ਟੀਵੀ ਤੇ ਨਵੀਆਂ ਫਿਲਮਾਂ ਤੇ ਸ਼ੋਆਂ ਨਾਲ ਮਨੋਰੰਜਨ ਕਰ ਸਕਦੇ ਨੇ ਤਾਂ ਫਿਲਮਾਂ ਤੇ ਸੋਪ ਓਪਰੇ ਬਨਣੇ ਬੰਦ ਹੋ ਗਏ, ਦੁਨੀਆਂ ਦੀਆਂ ਸਾਰੀਆਂ ਵੱਡੀਆਂ ਖੇਡ ਲੀਗਾਂ ਦੇ ਪ੍ਰੋਗਰਾਮ ਧਰੇ ਦੇ ਧਰੇ ਰਹਿ ਗਏ। ਟੋਕੀਓ ਦੀਆਂ ਉਲਿੰਪਿਕ ਖੇਡਾਂ ਪੋਸਟਪੋਨ ਹੋ ਗਈਆਂ। 130 ਕਰੋੜ ਦੀ ਆਬਾਦੀ ਵਾਲੇ ਹਿੰਦੁਸਤਾਨ ਵਿੱਚ 21 ਦਿਨ ਲਈ ਚੱਕਾ ਤਾਂ ਕੀ, ਪੈਰ ਜਾਮ ਹੋ ਗਿਆ ਹੈ। ਸਭ ਤੋਂ ਵਧੀਆ ਸਿਹਤ ਪ੍ਰਬੰਧ ਵਾਲੇ ਮੁਲਕ ਅਮਰੀਕਾ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੁਨੀਆਂ ਦੇ ਸਾਰੇ ਦੇਸ਼ਾਂ ਨਾਲੋਂ ਵਧ ਗਈ ਹੈ, ਅਤੇ ਮੁਲਕ ਕੋਲ ਲੋੜੀਂਦੀਆਂ ਮਾਸਕਾਂ ਤੇ ਵੈਂਟੀਲੇਟਰਾਂ ਦੀ ਘਾਟ ਹੈ। ਸਰਕਾਰ ਨੂੰ ਲੋਕ ਭਲਾਈ ਅਤੇ ਮੁਲਕ ਦੀ ਆਰਥਕਤਾ ਨੂੰ ਬਚਾਉਣ ਲਈ ਕਿਸੇ ਖੂੰਜਿਓ 3,000 ਖਰਬ ਡਾਲਰ ਕੱਢਣਾ ਪੈ ਰਿਹਾ ਹੈ।
2 ਅਪਰੈਲ, 2020
ਅੱਜ ਸਾਡੇ ਮਾਤਾ ਜੀ ਸੁਰਜੀਤ ਕੌਰ 83 ਸਾਲ ਦੇ ਹੋ ਗਏ ਨੇ।ਉਹ ਬਾਹਰ ਬੈਠੇ ਚਿੜੀਆਂ ਨੂੰ ਦਾਣੇ ਖਾਂਦੀਆਂ ਵੇਖ ਰਹੇ ਸਨ।ਮੈਂ ਕਿਹਾ ਚੱਲੋ ਗਾਲੜ ਨਾਂ ਸਹੀ, ਕਿਸੇ ਚਿੜੀ ਨੂੰ ਹੀ ਕਾਬੂ ਕਰੀਏ। ਅੱਜ ਕਿਸਮਤ ਠੀਕ ਰਹੀ, ਦੋ ਚਿੜੀਆਂ ਦੀ ਫੋਟੋ ਖਿੱਚ ਲਈ ਤੇ ਚਿੜੀਆਂ ਨੂੰ ਪਤਾ ਵੀ ਨਹੀਂ ਲੱਗਿਆ। ਬੀਬੀ ਜੀ ਦਾ ਜਨਮ ਦਿਨ ਹੈ ਸੋ ਅੱਜ ਖਾਣਾ ਬੀਬੀ ਜੀ ਦੇ ਮਨ ਪਸੰਦ ਦਾ ਬਣੇਗਾ। ਬੀਬੀ ਜੀ ਨੇ ਛੋਲੇ ਪੂਰੀਆਂ ਦੇ ਨਾਲ ਹਲਵੇ ਦੀ ਫਰਮਾਇਸ਼ ਕੀਤੀ। ਜਨਮਦਿਨ ਤੇ ਬਾਹਰੋਂ ਕੇਕ ਨਹੀਂ ਲਿਆ ਸਕਦੇ, ਇਸ ਕਰਕੇ ਮੇਰੇ ਧਰਮ ਪਤਨੀ ਮਨਜੀਤ ਕੌਰ ਨੇ ਹਲਵੇ ਦਾ ਕੇਕ ਬਣਾ ਕੇ ਡੋਨਟ ਦੀ ਸ਼ਕਲ ਵਿੱਚ ਪੇਸ਼ ਕੀਤਾ।
![]() | ![]() |
(ਅਗਲੇ ਅੰਕ ਲਈ ਕਲਿੱਕ ਕਰੋ)
Very nice article
Nice! I was wondering if your photography can be a back ground of the text.