ਲੜੀ ਜੋੜਨ ਲਈ ਪਿਛਲਾ ਅੰਕ | – | For English Version |
ਮੋਦੀ ਨੇ ਸਾਰੇ ਭਾਰਤ ਨੂੰ ਬਿਜਲੀ ਬੰਦ ਕਰਕੇ, ਇਕੱਠਿਆਂ 9 ਵਜੇ, 9 ਮਿੰਟਾਂ ਲਈ ਦੀਵੇ ਜਗਾਉਣ ਲਈ ਸੱਦਾ ਦਿੱਤਾ ਹੈ। ਕਾਫੀ ਪੁੱਠੇ ਸਿੱਧੇ ਵਿਵਾਦ ਹੋਏ ਹਨ ਇਸ ਵਿਸ਼ੇ ਤੇ। ਮੋਦੀ ਦੇ ਵਿਰੋਧੀ ਮੋਦੀ ਦਾ ਮਖੌਲ ਉਡਾਣ ਲੱਗੇ ਹਨ, ਅਖੇ ਦੀਵਿਆਂ ਦਾ ਬਿਮਾਰੀ ਨਾਲ ਕੀ ਸੰਬੰਧ ਹੋਇਆ। ਦੂਜੇ ਬੰਨੇ ਕਈ ਮੋਦੀ ਦੇ ਉਪਾਸ਼ਕ ਅਤੇ ਧਰਮ ਵਿਸ਼ਵਾਸ਼ੀ ਇਸ ਘੜੀ ਨੂੰ ਐਸਟਰੌਲੋਜੀ ਨਾਲ ਜੋੜ ਕੇ ਇਸ ਕਿਰਿਆ ਨੂੰ ਗੈਬੀ ਸ਼ਕਤੀ ਦਾ ਰੂਪ ਦੇ ਰਹੇ ਹਨ।
ਮੈਂ ਸੋਚਦਾ ਹਾਂ ਕਿ 130 ਕਰੋੜ ਦੀ ਆਬਾਦੀ ਵਿੱਚ ਕਰੋੜਾਂ ਹੀ ਉਹ ਗਰੀਬ ਹਨ ਜਿਹਨਾਂ ਨੂੰ ਪ੍ਰੀਵਾਰ ਦੀ ਦੋ ਡੰਗ ਦੀ ਰੋਟੀ ਜੋੜਨ ਲਈ ਹਰਰੋਜ਼ ਕੰਮ ਲਈ ਬਾਹਰ ਜਾਣ ਦੀ ਲੋੜ ਹੈ; ਉਹਨਾਂ ਨੂੰ ਅੰਦਰ ਬੰਨ ਕੇ ਰੱਖਣਾ ਕਿੰਨਾਂ ਔਖਾ ਹੋਵੇਗਾ। ਮੈਨੂੰ ਮੋਦੀ ਦੀਆਂ ਕਿੰਨੀਆਂ ਹੀ ਨੀਤੀਆਂ ਨਾਲ ਗਿਲੇ ਸ਼ਿਕਵੇ ਹਨ, ਪਰ ਆਹ ਦੀਵੇ ਜਗਾਉਣ ਵਾਲੀ ਗੱਲ ਮੈਨੂੰ ਬੰਨ ਕੇ ਰੱਖ ਗਈ ਹੈ, ਅਤੇ ਉਹ ਮੈਨੂੰ ਇੱਕ ਕਾਫੀ ਸਿਆਣੇ ਨੇਤਾ ਦੇ ਰੂਪ ਵਿੱਚ ਦਿੱਸਣ ਲੱਗ ਪਿਆ ਹੈ। ਇੱਕ ਸਾਦੀ ਜਿਹੀ, ਇਕੱਠਿਆਂ ਦੀਵੇ ਜਗਾਉਣ ਦੀ ਕਿਰਿਆ ਲੋਕਾਂ ਵਿੱਚ ਕਿਵੇਂ ਇੱਕ ਉਮੀਦ ਬੰਨ ਸਕਦੀ ਹੈ, ਉਹਨਾਂ ਨੂੰ ਇਕੱਠੇ ਤੌਰ ਤੇ ਮਸਲੇ ਦਾ ਸਾਹਮਣਾ ਕਰਨ ਦੀ ਸੂਝ ਦੇ ਸਕਦੀ ਹੈ ਇਹ ਪੁਕਾਰ ਕੰਮ ਕਰ ਗਈ, ਭਾਰਤੀਆਂ ਨੇ ਵੱਡੀ ਤਾਦਾਦ ਵਿੱਚ ਮਿਥੇ ਸਮੇਂ ਤੇ ਮਿਥੇ ਵਕਤ ਲਈ ਇਕੱਠਿਆਂ ਦੀਵੇ ਜਗਾਏ।
ਮੈਨੂੰ 9/11 ਯਾਦ ਆ ਰਿਹਾ ਹੈ, ਜਦੋਂ ਕੁੱਝ ਸਿਰ ਫਿਰਿਆਂ ਨੇ ਨਿਊਯਾਰਕ ਵਿੱਚ ਜਹਾਜ਼ਾਂ ਨਾਲ ਟਵਿਨ ਟਾਵਰਾਂ ਨੂੰ ਭੰਨਕੇ ਇਨਸਾਨ ਤੋਂ ਇਨਸਾਨ ਦਾ ਵਿਸ਼ਵਾਸ਼ ਹੀ ਖਤਮ ਕਰ ਦਿੱਤਾ। ਉਹ ਵੀ ਜ਼ਮਾਨਾ ਸੀ ਜਦੋਂ ਏਅਰਪੋਰਟਾਂ ਤੇ ਕੋਈ ਸਕਿਓਰਟੀ ਚੈੱਕ ਨਹੀਂ ਸੀ ਹੋਇਆ ਕਰਦਾ। ਬੜੀ ਦੇਰ ਦੀ ਗੱਲ ਹੈ ਮੈਂ ਸੈਕਰਾਮੈਂਟੋ ਤੋ ਜਹਾਜ਼ ਫੜਨਾ ਸੀ। ਉਦੋਂ ਸੈਕਰਾਮੈਂਟੋ ਏਅਰਪੋਰਟ ਛੋਟੀ ਸੀ ਤੇ ਜਹਾਜ਼ ਤੇ ਚੜਨ ਲਈ ਪਹੀਆਂ ਵਾਲੀ ਪੌੜੀ ਹੋਇਆ ਕਰਦੀ ਸੀ। ਮੈਂ ਲੇਟ ਹੋ ਗਿਆ ਤੇ ਉਹਨਾਂ ਨੇ ਪੌੜੀ ਪਿੱਛੇ ਖਿੱਚ ਲਈ ਪਰ ਮੈਨੂੰ ਵਾਹੋ ਦਾਹੀ ਭੱਜਿਆ ਆਂਉਂਦਾ ਵੇਖ, ਫੇਰ ਪੌੜੀ ਵਾਪਸ ਲਾ ਦਿੱਤੀ ਤੇ ਦਰਵਾਜ਼ਾ ਖੋਲ ਦਿੱਤਾ। ਮੈਂ ਬਿਨਾਂ ਕਿਸੇ ਦਾ ਵੀ ਸਵਾਲੀ ਹੋਏ ਅਪਣੀ ਸੀਟ ਤੇ ਜਾ ਬੈਠਾ, ਉਹ ਵੱਖਰੀ ਗੱਲ ਹੈ ਕਿ ਕੁੱਝ ਕੁ ਸਵਾਰੀਆਂ ਦੀਆਂ ਵਿਅੰਗ ਭਰੀਆਂ ਮੁਸਕਰਾਹਟਾਂ ਮੈਨੂੰ ਸੌਰੀ ਕਹਿਕੇ ਨਜ਼ਰਅੰਦਾਜ਼ ਕਰਨੀਆਂ ਪਈਆਂ। ਇੱਕ ਵਾਰ ਮੇਰੇ ਮਾਤਾ ਪਿਤਾ ਮੈਨੂੰ ਮਿਲਣ ਆਏ ਤਾਂ ਉਹਨਾਂ ਨੂੰ ਜੀ ਆਇਆਂ ਕਰਨ ਲਈ ਮੈਨੂੰ ਸਟਾਫ ਨੇ ਜਹਾਜ਼ ਵਿੱਚ ਹੀ ਜਾਣ ਦੇ ਦਿੱਤਾ। ਤੇ ਹੁਣ ਹਾਲਾਤ ਕਿੰਨੇ ਵੱਖਰੇ ਨੇ, ਸਿਰਫ ਇੱਕ ਹਾਦਸੇ ਨੇ ਇਹ ਸਾਰਾ ਕੁੱਝ ਕਿੱਦਾਂ ਇੱਕਦਮ ਹੀ ਬਦਲ ਕੇ ਰੱਖ ਦਿੱਤਾ ਕਿ ਪੁਰਾਣੀਆਂ ਕਹਾਣੀਆਂ ਅੱਜ ਲੋਕ ਗਾਥਾਂਵਾਂ ਲੱਗਦੀਆਂ ਨੇ।
ਅੱਜ ਇੱਕ ਹਿਰਨਾਂ ਦਾ ਜੋੜਾ ਮੇਰੇ ਕਾਬੂ ਆ ਗਿਆ, ਮਾਂ ਤੇ ਬੱਚਾ ਲੱਗਦੇ ਸਨ। ਸਾਡੇ ਘਰ ਦੇ ਪਿਛਲੇ ਪਾਸੇ ਕਾਫੀ ਸੰਘਣੇ ਦ੍ਰਖਤ ਹਨ ਕਦੀ ਕਦਾਂਈਂ ਹਿਰਨ, ਮੋਰ ਤੇ ਹੋਰ ਨਿੱਕੇ ਜੰਗਲੀ ਜਾਨਵਰ ਸਾਡੇ ਵੱਲ ਆ ਨਿਕਲਦੇ ਹਨ। ਇਹ ਸੋਚ ਕੇ ਕਿ ਕਿਤੇ ਭੱਜ ਨਾ ਜਾਣ, ਮੈ ਨੇੜੇ ਜਾਣ ਦੀ ਹਿੰਮਤ ਨਹੀਂ ਕੀਤੀ। ਬੱਸ ਪੈਟੀਓ ਦੀ ਜਾਲੀ ਵਿਚੋਂ ਹੀ ਫੋਟੋ ਖਿੱਚ ਲਈ । ਹਨੇਰੇ ਕਰਕੇ ਫੋਟੋ ਬਹੁਤੀ ਵਧੀਆ ਤਾਂ ਨਹੀਂ ਆਈ ਪਰ ਆਪਣੇ ਯਾਰਡ ਵਿੱਚ ਹਿਰਨ ਤੁਰੇ ਫਿਰਦਿਆਂ ਦੀ ਫੋਟੋ ਦਾ ਆਪਣਾ ਹੀ ਨਿੱਘ ਹੁੰਦਾ ਹੈ।
ਹਾਂ ਆਪਾਂ ਗੱਲ ਕਰਦੇ ਸੀ, ਕਿ ਕਿਵੇਂ ਇੱਕ ਇਕਲੌਤੀ ਘਟਨਾ ਸਾਡੀ ਜ਼ਿੰਦਗੀ ਦਿਆਂ ਤੌਰ ਤਰੀਕਿਆਂ ਨੂੰ ਬਦਲਕੇ ਰੱਖ ਦਿੰਦੀ ਹੈ। ਉਹਨਾਂ ਸਿਰ ਫਿਰਿਆਂ ਨੇ ਤਾਂ ਟਾਵਰ ਢਾਕੇ ਸਿਰਫ ਅਮਰੀਕਾ ਤੇ ਹਮਲਾ ਕੀਤਾ ਸੀ, ਪਰ ਇਸ ਵਇਰਸ ਨੇ ਤਾਂ ਸਾਰੀ ਦੁਨੀਆਂ ਬੰਨ ਕੇ ਖੜਾ ਦਿੱਤੀ ਹੈ। ਕੀ ਇਹ ਬਿਮਾਰੀ ਕਦੀ ਮੁਕੰਮਲ ਤੌਰ ਤੇ ਖਤਮ ਹੋ ਜਾਵੇਗੀ? ਹੁਣ ਅਗਲਾ ਵਾਇਰਸ ਕਦੋਂ ਆਵੇਗਾ? ਦਸ ਸਾਲ ਨੂੰ? ਦੋ ਸਾਲ ਨੂੰ? ਛੇ ਮਹੀਨਿਆਂ ਨੂੰ? ਜਦੋਂ ਵੀ ਆਵੇਗਾ ਫਿਰ ਆਪਾਂ ਕੀ ਕਰਾਂਗੇ? ਕੀ ਇਹ ਦੁਨੀਆਂ ਹਰ ਵਾਰ ਇਸੇ ਤਰਾਂ ਅੰਦਰ ਵੜ ਕੇ ਬੈਠ ਜਾਇਆ ਕਰੇਗੀ। ਟਾਵਰ ਢਹਿਣ ਤੋਂ ਬਾਅਦ ਸਰਕਾਰੀ ਦਫਤਰਾਂ ਦੀ, ਏਅਰਪੋਰਟਾਂ ਦੀ, ਵੱਡੇ ਇਕੱਠਾਂ ਆਦਿ ਦੀ ਸੁਰੱਖਿਆ ਕਰਨ ਲਈ ਸਰਕਾਰਾਂ ਨੇ ਪੱਕੀ ਤਰਾਂ ਲਈ ਕਦਮ ਚੁੱਕ ਲਏ, ਤੇ ਆਪਾਂ ਸਾਰੇ ਉਹਨਾਂ ਕਦਮਾਂ ਨੂੰ ਪ੍ਰਮਾਣਿਤ ਮੰਨ ਕੇ, ਆਪਣੀਆਂ ਜ਼ਿੰਦਗੀਆਂ ਲੈਕੇ ਅਗਾਂਹ ਤੁਰ ਪਏ। ਹੋਣਾ ਹੁਣ ਵੀ ਕੁੱਝ ਐਸੇ ਤਰਾਂ ਹੀ ਹੈ। ਜ਼ਿੰਦਗੀ ਨੇ ਇੱਕ ਨਵਾਂ ਰੂਪ ਲੈ ਲੈਣਾ ਹੈ, ਉਹ ਰੂਪ ਜਿਸ ਨਾਲ ਅਗਲੀ ਵਾਰੀ ਦੁਨੀਆਂ ਨੂੰ ਇੱਕ ਦਮ ਬ੍ਰੇਕ ਲਾਕੇ ਰੁਕਣਾ ਨਾਂ ਪਵੇ। ਇਕੱਲੇ ਇਕੱਲੇ ਦੀ ਜ਼ਿੰਦਗੀ ਕਿੱਦਾਂ ਬਚਾਉਣੀ ਹੈ, ਇਹਦਾ ਫੈਸਲਾ ਤੁਰੰਤ ਨਾਂ ਕਰਨਾਂ ਪਵੇ। ਪਰ ਜ਼ਿੰਦਗੀ ਦਾ ਉਹ ਰੂਪ ਕੀ ਹੋਵੇਗਾ, ਮੈਂ ਆਪਣਾ ਸਿਰ ਖੁਰਕਦਾ ਹਾਂ।
ਮੇਰਾ ਇੱਕ ਦੋਸਤ ਕਿਸੇ ਵੱਡੀ ਕੋਰਪੋਰੇਸ਼ਨ ਵਿੱਚ ਕੰਮ ਕਰ ਰਿਹਾ ਹੈ ਤੇ ਉਹਦੀ ਜਿੰਮੇਵਾਰੀ ਥੱਲੇ ਵੱਖੋ ਵੱਖਰੇ ਸ਼ਹਿਰਾਂ ਵਿੱਚ ਦਰਜਨਾਂ ਹੀ ਫੈਕਟਰੀਆਂ ਨੇ ਤੇ ਉਹਨੂੰ ਹਰਰੋਜ਼ ਦੀ ਭੱਜੋ ਭਾਜ ਰਹਿੰਦੀ ਹੈ। ਉਹਦਾ ਬਹੁਤਾ ਕੰਮ ਹੁੰਦਾ ਹੈ, ਮੀਟਿੰਗਾਂ ਅਟੈਂਡ ਕਰਨੀਆਂ, ਵੇਖਣਾ ਕਿ ਸਾਰਾ ਕੰਮ ਕਿਵੇਂ ਹੋ ਰਿਹਾ, ਕੋਈ ਸਲਾਹ ਦੇਣੀ ਆਦਿ, ਆਦਿ। ਲਾਕਡਾਊਨ ਤੋਂ ਬਾਅਦ ਉਹਦੀਆਂ ਸਾਰੀਆਂ ਮੀਟਿੰਗਾਂ ਆਨ ਲਾਈਨ ਹੋ ਰਹੀਆਂ ਨੇ, ਬਜਾਏ ਮਹੀਨੇ ਵਿੱਚ ਚਾਰ ਪੰਜ ਵਾਰ ਜਹਾਜ਼ਾਂ ਤੇ ਸਫਰ ਕਰਨ ਦੇ ਅਤੇ ਆਪਣੀ ਘਰਵਾਲੀ ਤੇ ਨਿੱਕੇ ਨਿੱਕੇ ਬੱਚਿਆਂ ਤੋਂ ਦੂਰ ਭੱਜਣ ਦੇ, ਉਹ ਘਰੇ ਰਹਿਕੇ ਹੀ ਸਾਰੇ ਕੰਮ ਕਰ ਰਿਹਾ ਹੈ ਅਤੇ ਸਾਰੇ ਕੰਮ ਉਵੇਂ ਹੀ ਚੱਲੀ ਜਾ ਰਹੇ ਨੇ। ਉਹਦਾ ਪ੍ਰੀਵਾਰ ਤਾਂ ਖੁਸ਼ ਹੋਣਾ ਹੀ ਹੈ, ਕੰਪਨੀ ਨੂੰ ਹਵਾਈ ਟਿਕਟਾ, ਹੋਟਲ ਰਿਹਾਇਸ਼ਾਂ ਤੇ ਖਾਣਿਆਂ ਦੇ ਬੇਸੁਰੇ ਖਰਚਿਆਂ ਦੀ ਬੱਚਤ ਹੋ ਰਹੀ ਹੈ। ਮੇਰੇ ਦੋਸਤ ਬਲਜੀਤ ਬੱਲੀ ਦੱਸਦੇ ਨੇ ਕਿ ਪੰਜਾਬ ਦੇ ਚੀਫ ਮਨਿਸਟਰ ਤੇ ਹੋਰ ਰਾਜਨੀਤਿਕਾਂ ਦੀਆਂ ਸਾਰੀਆਂ ਮੀਟਿੰਗਾਂ ਤੇ ਪ੍ਰੈਸ ਕਾਨਫਰੰਸਾਂ ਆਨਲਾਈਨ ਹੋ ਰਹੀਆਂ ਹਨ। ਉਹਨਾਂ ਦੀਆਂ ਇੱਕ ਸ਼ਹਿਰ ਤੋਂ ਦੂਜੇ ਤੀਕਰ ਦੀਆਂ ਬੇਲੋੜੀ ਭੱਜ ਦੌੜਾਂ ਵੀ ਸਭ ਰੁਕੀਆਂ ਹੋਈਆਂ ਹਨ। ਸਾਰੇ ਕੰਮ ਪਹਿਲਾਂ ਵਾਂਗ ਹੀ ਹੋਈ ਜਾ ਰਹੇ ਨੇ, ਬਿਨਾਂ ਵਕਤ ਅਤੇ ਬੇਸੁਰੀ ਮਾਇਆ ਦੀ ਖਰਾਬੀ ਦੇ। ਸੋ ਜਿਹੜੇ ਕੰਮ ਅਸੀਂ ਬਿਨਾਂ ਭੱਜ ਦੌੜ ਅਤੇ, ਵਕਤ ਤੇ ਪੈਸੇ ਦੀ ਬਰਬਾਦੀ ਤੋਂ ਬਿਨਾਂ, ਘਰੇ ਬੈਠੇ ਹੀ ਕਰ ਸਕਦੇ ਹਾਂ, ਸਾਰਿਆਂ ਦੀ ਕੋਸ਼ਿਸ਼ ਹੋਵੇਗੀ, ਤੇ ਹੋਣੀ ਚਾਹੀਦੀ ਵੀ ਹੈ ਕਿ ਇਹ ਹੁਣ ਐਦਾਂ ਹੀ ਹੁੰਦੇ ਰਹਿਣ। ਮੀਟਿੰਗਾਂ ਨੂੰ ਵਧੀਆ ਅਤੇ ਯਕੀਨਯੋਗ ਬਨਾਉਣ ਵਾਲੇ ਨਵੇਂ ਸਾਫਟਵੇਅਰ ਫਟਾ ਫਟ ਮਾਰਕਿਟ ਵਿੱਚ ਆ ਰਹੇ ਨੇ। ਕੰਮ ਤੇ ਨਾਂ ਜਾਣ ਜਾਂ ਹੋਰ ਸਫਰ ਨਾਂ ਕਰਨ ਨਾਲ ਬੱਚਤ ਹੋਇਆ ਟਾਈਮ ਕੰਮ ਵੱਲ ਵਰਤਿਆ ਜਾਣ ਲੱਗੇਗਾ। ਕੰਪਨੀਆਂ ਇਹਨਾ ਨਵੇਂ ਲੱਭੇ ਤਰੀਕਿਆਂ ਨੂੰ, ਜਿਹਨਾਂ ਨਾਲ ਖਰਚੇ ਘਟਣ ਅਤੇ ਕੰਮ ਜ਼ਿਆਦਾ ਹੋਣ, ਕਿਓਂ ਹੱਥੋਂ ਗੁਆਉਣਗੀਆਂ?
ਪਰ ਕੁੱਝ ਹੋਰ ਗੁੰਝਲਾਂ ਨੇ ਜਿਹਨਾਂ ਨੂੰ ਮੇਰਾ ਦਿਮਾਗ ਸਹੀ ਤਰਾਂ ਨਹੀਂ ਸੁਲਝਾ ਰਿਹਾ। ਘਰੇ ਤੜਿਆ, ਮੈਂ ਇੱਕ ਉਹ ਵਧੀਆ ਨਾਗਰਿਕ ਹੋਣ ਦਾ ਮਾਣ ਮਹਿਸੂਸ ਕਰ ਰਿਹਾ ਹਾਂ, ਜਿਹੜਾ ਬਿਨਾਂ ਕਿੰਤੂ ਪ੍ਰੰਤੂ ਕੀਤਿਆਂ, ਆਪਣੀ ਸਰਕਾਰ ਦੇ ਘਰੇ ਬੈਠੇ ਰਹਿਣ ਦੇ ਹੁਕਮਾਂ ਦੀ ਪਾਲਣਾਂ ਕਰ ਰਿਹਾ ਹੈ। ਪਰ ਮੇਰੀਆਂ ਕੁੱਝ ਕਹੀਆਂ ਅਣਕਹੀਆਂ ਮੰਗਾਂ ਹਨ। ਉਹ ਇਹ ਕਿ ਮੈਨੂੰ ਜ਼ਿੰਦਗੀ ਦੀਆਂ ਜ਼ਰੂਰਤ ਦੀਆਂ ਚੀਜ਼ਾ ਮਿਲਦੀਆਂ ਰਹਿਣ, ਜਿਵੇਂ ਕਿ ਖਾਣਾ ਬਨਾਉਣ ਵਾਲੀਆਂ ਚੀਜ਼ਾਂ, ਪੇਪਰ ਟਾਵਲਸ, ਟੋਇਲੈਟ ਪੇਪਰ, ਬਿਜਲੀ ਪਾਣੀ, ਸਬਜ਼ੀਆਂ ਭਾਜੀਆਂ ਤੇ ਬਾਕੀ ਲੋੜ ਦੀਆਂ ਚੀਜ਼ਾਂ, ਘਰੇ ਬੈਠੇ ਬਿਠਾਂਇਆਂ ਨੂੰ ਮਿਲਦੀਆਂ ਰਹਿਣ। ਮੈਂ ਇਹ ਵੀ ਚਾਹੁੰਦਾ ਹਾਂ ਕਿ ਹਸਪਤਾਲ ਖੁੱਲੇ ਰਹਿਣ ਤੇ ਉੱਥੇ ਡਾਕਟਰ ਨਰਸਾਂ ਵੀ ਹੋਣ ਤਾਂ ਜੋ ਬਿਮਾਰ ਹੋਣ ਦੀ ਹਾਲਤ ਵਿੱਚ ਮੇਰੀ ਦੇਖ ਰੇਖ ਹੋ ਸਕੇ। ਪਰ ਮੈਂ ਸੋਚਦਾ ਹਾਂ ਇਹ ਸਾਰਾ ਕੁੱਝ ਕਿੱਥੋਂ ਆਵੇਗਾ, ਕੌਣ ਕਰੇਗਾ? ਸੋ ਮਤਲਬ ਇਹ ਕਿ ਭਾਂਵੇਂ ਕਰੋਨਾ ਹੈ ਜਾਂ ਨਹੀਂ, ਮੇਰੇ ਕੁੱਝ ਭੈਣਾਂ ਭਰਾਂਵਾਂ ਨੂੰ ਤਾਂ ਕੰਮ ਕਰਦੇ ਹੀ ਰਹਿਣਾਂ ਪੈਣਾ ਹੈ ਤਾਂ ਜੋ, ਮੇਰੀ ਜ਼ਰੂਰਤ ਪੂਰੀ ਹੁੰਦੀ ਰਹੇ।
ਪਰ ਕੀ ਬਣੇਗਾ ਜੇਕਰ ਇਹ, ਮੇਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਵੀਰ ਭੈਣਾਂ ਖੁਦ ਬਿਮਾਰ ਹੋਣ ਲੱਗ ਗਏ? ਇਹਦੇ ਬਾਰੇ ਸਰਕਾਰਾਂ ਦੀ ਪਲਾਨ ਨੰਬਰ ਦੋ ਕੀ ਹੋਵੇਗੀ? ਜੇਕਰ ਸਰਕਾਰਾਂ ਚਾਹੁੰਦੀਆਂ ਹਨ ਕਿ ਦੇਸ਼ਾਂ ਦੀ ਆਰਥਕਤਾ ਇਹਨਾਂ ਪਲੇਗਾਂ, ਵਾਇਰਸਾਂ ਦੇ ਹਮਲਿਆਂ ਨਾਲ ਨਾਂ ਡੁੱਬੇ ਤਾਂ ਤਾਂ ਇਹਨਾਂ ਜ਼ਰੂਰਤ ਵਾਲੇ ਕੰਮਾਂ ਨੂੰ ਕਰਨ ਦੇ ਤਰੀਕੇ ਵੀ ਬਦਲਣੇ ਹੀ ਪੈਣਗੇ। ਮੈਂ ਸੋਚਦਾ ਹਾਂ ਕੀ ਸਰਕਾਰਾਂ ਇਹ ਕੋਸ਼ਿਸ਼ ਕਰਨਗੀਆਂ ਕਿ ਆਰਥਿਕ ਨਿਰਭਰਤਾ ਨੂੰ ਬੰਦੇ ਦੀ ਸਿੱਧੀ ਦਖਲਅੰਦਾਜ਼ੀ ਤੋਂ ਪਰੇ ਕੀਤਾ ਜਾ ਸਕੇ। ਇਹਦਾ ਮਤਲਬ ਕੀ ਹੁਣ ਉਹਨਾਂ ਮਸ਼ੀਨਾਂ ਅਤੇ ਰੋਬੌਟਿਕਸ ਨੂੰ ਡਿਵੈਲਪ ਕਰਨ ਤੇ ਜ਼ੋਰ ਵਧੇਗਾ ਜਿਹੜੀਆਂ ਕੰਮ ਵਿੱਚ ਬੰਦੇ ਦੀ ਥਾਂ ਲੈ ਸਕਣ? ਇਸ ਤਰਾਂ ਕੀੇ ਬੰਦਾ ਵਿਹਲਾ ਨਹੀਂ ਹੋ ਜਾਵੇਗਾ? ਫੇਰ ਉਹਨੂੰ ਰੋਟੀ ਕੌਣ ਖੁਆਏਗਾ? ਇਹ ਤਾਂ ਕਾਫੀ ਡਰਾਵਣੀ ਸੋਚ ਹੈ। ਪਰ ਫੇਰ ਖਿਆਲ ਆਂਉਂਦਾ ਹੈ ਕਿ ਸਦੀਆਂ ਤੋਂ ਖੋਜਾਂ ਨਿੱਕਲ ਰਹੀਆਂ ਨੇ ਜਿਹੜੀਆਂ ਸਾਡੇ ਕੰਮਾਂ ਨੂੰ ਇਸ ਤਰਾਂ ਸੁਖਾਲਾ ਕਰਦੀਅ ਆ ਰਹੀਆਂ ਨੇ ਕਿ ਉਹੋ ਕੰਮ ਘੱਟ ਮਿਹਨਤ ਨਾਲ, ਘੱਟ ਬੰਦਿਆਂ ਨਾਲ ਕੀਤਾ ਜਾ ਸਕੇ। ਪਰ ਜਿੰਨੇ ਕੰਮ ਸੁਕਾਂਲੇ ਹੋ ਰਹੇ ਨੇ, ਬੰਦੇ ਦੇ ਕੰਮਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਨਸਾਨ ਦੇ ਕੰਮ ਨਹੀਂ ਘਟਦੇ, ਬੱਸ ਇਹਨਾਂ ਦੀ ਤਸੀਰ ਬਦਲ ਜਾਂਦੀ ਹੈ। ਮੈਂ ਕਿਸੇ ਮਸ਼ੀਨ ਜਾਂ ਰੋਬੌਟ ਦੀ ਕਲਪਯਾ ਕਰਨ ਤੋਂ ਅਸਮਰਥ ਹਾਂ ਜਿੜਾਂ ਬੰਦੇ ਨੂੰ ਵਿਹਲਾ ਕਰਕੇ ਬਿਠਾ ਦੇਵੇ। ਜੇਕਰ ਅਜਿਹਾ ਹੋ ਵੀ ਗਿਆ, ਤਾਂ ਬੰਦੇ ਨੇ ਤਰੀਕੇ ਲੱਭ ਲੈਣੇ ਨੇ ਅਪਣੇ ਆਪ ਨੂੰ ਰੁੱਝਿਆ ਰੱਖਣ ਅਤੇ ਰੋਟੀ ਖੁਆਉਣ ਦੇ। ਮੈਨੂੰ ਮਨੁੱਖ ਅਤੇ ਮਨੁੱਖਤਾ ਦੀ ਯੋਗਤਾ ਤੇ ਐਨਾ ਕੁ ਭਰੋਸਾ ਜ਼ਰੂਰ ਹੈ।
ਪਰ ਖੈਰ ਮਨੁੱਖ ਨੂੰ ਜੋ ਵੀ ਮਸਲੇ ਹੋਣ, ਕੁਦਰਤ ਆਪਣੀ ਚਾਲ ਚਲਦੀ ਰਹਿੰਦੀ ਹੈ। ਕਰੋਨਾ ਦੇ ਬਾਵਯੂਦ ਬਹਾਰ ਉਵੇਂ ਹੀ ਚੱਲ ਰਹੀ ਹੈ। ਮੇਰੀ ਬਰੈਡਫੋਰਡ ਪੇਅਰ ਦੇ ਫੁੱਲ ਝੜ ਚੁੱਕੇ ਹਨ ਅਤੇ ਉਹ ਹੁਣ ਹਰੇ ਹਰੇ ਪੱਤਿਆਂ ਨਾਲ ਭਰੀ ਹੋਈ ਹੈ, ਪਿਛਲੇ ਕੁੱਝ ਕੁ ਲੰਮੇ ਦ੍ਰਖਤਾਂ ਤੇ ਪੱਤੇ ਆ ਚੁੱਕੇ ਹਨ ਅਤੇ ਬਾਕੀਆਂ ਤੇ ਆ ਰਹੇ ਨੇ, ਪਹਿਲਾਂ ਨਾਲੋਂ ਧਰਤੀ ਕਿਤੇ ਜ਼ਿਆਦਾ ਹਰੀ ਭਰੀ ਹੈ। ਹਾਂ ਇੱਕ ਦਿਨ ਗਾਲੜ ਵੀ ਕਾਬੂ ਆ ਗਿਆ, ਲਾਗੋਂ ਤਾਂ ਨਹੀਂ, ਦ੍ਰੱਖਤ ਦੇ ਉੱਚੇ ਟਾਹਣੇ ਤੇ ਬੈਠਾ। ਚੱਲੋ ਇਹੋ ਸਹੀ, ਮੇਰੇ ਕੈਮਰੇ ਵਿੱਚ ਤਾਂ ਬੰਦ ਹੋ ਹੀ ਗਿਆ ਨਾ।
![]() | ![]() | ![]() |
Nice. Authentic, and interesting than fiction! Keep writing. What do you think about artificial intelligence in tireless, stress free Robots taking over humanity? Will it make most of human beings useless other than programmers or will it give freed life time to flourish in their own ways? How will humanity grow to be wiser and responsible to handle such a tremendous powerful, facts oriented, emotionless entities to enhance life on earth?
You are correct, things can go either way. We can either be slave to those few who control the technology or be totally free to enjoy life without the stress of everyday work. I hope wisdom carries us towards the later.