The English Version

ਬਹੁਤ ਦੇਰ ਦੀ ਗੱਲ ਹੈ, ਪੁਰਾਣੀ ਗੱਲ, ਸਾਲ 1973 ਜਿੰਨੀ ਪੁਰਾਣੀ। ਮੈਂ ਲੁਧਿਆਣੇ ਸਾਂ, ਪੰਜਾਬ ਐਗਰੀਕਲਚਰੱਲ ਯੂਨੀਵਰਸਿਟੀ ਵਿੱਚ, ‘ਬੀ ਐਸ ਸੀ’ ਕਰ ਰਿਹਾ।ਮੇਰੇ ਵਰਗੇ ਹੋਰ ਬਹੁਤ ਸਨ ਉਥੇ, ਸੈਕੜੇ ਹੋਰ, ਕਈ ਪਿੰਡਾਂ ਤੋਂ, ਕਈ ਸ਼ਹਿਰਾਂ ਤੋਂ, ਕਈ ਪੜਾਕੂ ਕਿਸਮ ਦੇ ਤੇ ਕਈ ਪੂਰੇ ਮੌਜੂ, ਕਈ ਆਸ਼ਕ ਮਿਜਾਜ਼ ਤੇ ਕਈ ਖੁਰਦਰੀਆਂ ਤਬੀਅਤਾਂ ਵਾਲੇ, ਕਈ ਮਹਿਫਿਲਾਂ ਦੇ ਦਿਲਾਂ ਦੀ ਧੜਕਣ ਤੇ ਕਈ ਆਪਣੀ ਹੀ ਦੁਨੀਆਂ ਚ ਮਸਤ ਰਹਿਣ ਵਾਲੇ। ਬਹੁਤੇ ਹੋਸਟਲਾਂ ਵਿੱਚ ਰਹਿਣ ਵਾਲੇ ਸਨ ਤੇ ਬਾਕੀ ਡੇ-ਸਕਾਲਰਜ਼, ਹਰਰੋਜ਼ ਘਰੋਂ ਪੜਨ ਆਉਣ ਵਾਲੇ। ਰੰਗ ਬਰੰਗਾ ਮਹੌਲ ਸੀ, ਬਿੱਲਕੁਲ ਉਂਵੇਂਦਾ, ਜਿਵੇਂਦਾ ਹੋਣਾ ਚਾਹੀਦਾ ਹੈ, ਕਿਸੇ ਵੀ ਯੂਨੀਵਰਸਿਟੀ ਵਿੱਚ। ਉਹ ਯਾਦਾਂ, ਸ਼ਾਮ ਵੇਲੇ ਯੂਨੀਵਰਸਿਟੀ ਦੇ ਖੇਤਾਂ ਵਿਚਕਾਰਲੀ ਪਹੀ ਉੱਤੇ ਲੰਮੀਆਂ ਸੈਰਾਂ ਦੀਆਂ, ਗਰਾਂਊਂਡਾਂ ਵਿੱਚ ਭੱਜਿਆਂ ਫਿਰਨ ਦੀਆਂ, ਕੁੜੀਆਂ ਤੋਂ ਸੰਗਣ ਦੀਆਂ, ਇਮਤਿਹਾਨਾਂ ਵਾਲੀਆਂ ਰਾਤਾਂ ਨੂੰ ਜਾਗਣ ਦੀਆਂ, ਅਤੇ ਹੋਰ ਅਨੇਕਾਂ ਤਰਾਂ ਦੀਆਂ, – ਯਾਦਾਂ ਮੇਰੀਆਂ ਬੁਢਾਪੇ ਲਈ ਸਾਂਭ ਰੱਖੀ ਪੂੰਜੀ।
ਜਦੋਂ ਮਨ ਦੂਰ, ਅੱਧੀ ਸਦੀ ਪਿੱਛੇ, ਫੇਰੀ ਪਾਉਂਦਾ ਹੈ, ਤਾਂ ਉਹਨਾਂ ਸੜਕਾਂ ਤੇ ਟਹਿਲਣ ਨਿੱਕਲ ਪੈਂਦਾ ਹੈ ਜਿਹੜੀਆਂ ਲੰਘਦੀਆਂ ਨੇ ਕਾਲਜਾਂ ਲਾਗੋਂ ਦੀ, ਜਿੱਥੇ ਅਸੀਂ ਕਲਾਸਾਂ ਲਿਆ ਕਰਦੇ ਸੀ, ਹੋਸਟਲਾਂ ਲਾਗੋਂ ਦੀ, ਜਿੱਥੇ ਅਸੀਂ ਰਿਹਾ ਕਰਦੇ ਸੀ, ਗਰਾਂਊਡਾਂ ਲਾਗੋਂ ਦੀ, ਜਿੱਥੇ ਅਸੀਂ ਖੇਡਿਆ ਕਰਦੇ ਸੀ, ਭੱਜਿਆ ਕਰਦੇ ਸੀ, ਉੱਚੇ ਬੈਂਚਾਂ ਦੀਆਂ ਕਤਾਰਾਂ ਤੇ ਕੱਠਿਆਂ ਬੈਠ ਤਾੜੀਆਂ, ਸੀਟੀਆਂ ਮਾਰਿਆ ਕਰਦੇ ਸੀ, ਆਪਣੀ ਟੀਮ ਨੂੰ ਜਿਤਾਉਣ ਲਈ। ਮਨ ਵਾਪਰੀਆਂ ਘਟਨਾਂਵਾਂ ਦੁਆਲੇ ਘੁੰਮਣ ਲੱਗਦਾ ਹੈ, ਇੱਕ ਖਾਸ ਘਟਨਾ ਤੇ ਜਾਕੇ ਰੁਕ ਜਾਂਦਾ ਹੈ। ਅਸੀਂ, ਪੰਜਾਬ ਸਟੁਡੈਂਟ ਯੂਨੀਅਨ ਵਾਲਿਆਂ ਦੇ ਕਹਿਣ ਤੇ ਹੜਤਾਲ ਤੇ ਸਾਂ, ਰੱਬ ਹੀ ਜਾਣਦਾ ਹੈ ਕਾਸ ਲਈ। ਅਸੀਂ ਕਲਾਸਾਂ ਛੱਡ ਕੇ, ਇੱਕ ਹੋਸਟਲ ਦੀ ਛੱਤ ਤੇ ਚੜ ਬੈਠੇ ਸਾਂ। ਛੱਤ ਤੇ ਪੱਥਰਾਂ ਦੇ ਢੇਰ ਲਾਕੇ ਕਿਲਾਬੰਦੀ ਕਰ ਲਈ ਹੋਈ ਸੀ, ਆਪਣੀ ਜਾਣੇ ਪੁਲੀਸ ਨੂੰ ਲਾਗੇ ਆਉਣ ਤੋਂ ਰੋਕਣ ਲਈ। ਉਦੋਂ ਹੀ ਸਾਡੇ ਵਾਈਸ ਚਾਂਸਲਰ, ਡਾ. ਐਮ ਐਸ ਰੰਧਾਵਾ ਬੇਧੜਕ ਤੁਰਦੇ ਹੋਸਟਲ ਦੀ ਬਿਲਡਿੰਗ ਵੱਲ ਆਏ, ਅਤੇ ਸਿੱਧੇ ਸਾਡੇ ਕੋਲ ਛੱਤ ਤੇ ਪਹੁੰਚ ਗਏ। ਇਕੱਲੇ। ਵਿਦਿਆਰਥੀਆਂ ਦੇ ਦਿਲਾਂ ਵਿੱਚ ਰੰਧਾਵਾ ਸਾਹਿਬ ਲਈ ਪਤਾ ਨਹੀਂ ਕਿਹੋ ਜਿਹੀ ਥਾਂ ਸੀ, ਯਾਦ ਨਹੀਂ ਉਹਨਾਂ ਕੀ ਕਿਹਾ ਸਾਨੂੰ, ਪਰ ਮਿੰਟਾਂ ਵਿੱਚ ਅਸੀਂ ਅਪਣੀਆਂ ਚੌਕੀਆਂ ਤੇ ਪੱਥਰਾਂ ਦੇ ਢੇਰਾਂ ਨੂੰ ਦੱਗਾ ਦੇਂਦੇ, ਉਹਨਾਂ ਦੇ ਪਿੱਛੇ ਪਿੱਛੇ, ਥੱਲੇ ਉੱਤਰ ਆਏ ਅਤੇ ਦੂਜੇ ਦਿਨ ਸਵੇਰੇ ਅਸੀਂ ਆਪਣੀਆਂ ਕਲਾਸਾਂ ਵਿੱਚ ਬੈਠੇ ਸਾਂ। ਮੈਨੂੰ ਯਾਦ ਨਹੀਂ ਅਸੀਂ ਕਿਹੜਾ ਮੋਰਚਾ ਫਤਿਹ ਕਰਨ ਲਈ ਅੜੇ ਸਾਂ, ਪਰ ਜੋ ਵੀ ਸੀ, ਕਿਸੇ ਵੱਡੇ ਉਦੇਸ਼ ਲਈ ਲੜਨ ਦੀ ਸੁਹਾਵਣੀ ਜਿਹੀ ਭਾਵਨਾਂ ਸਾਡੇ ਕੋਲ ਛੱਡ ਗਿਆ ਸੀ।

ਇਹ ਕਹਾਣੀ 1973 ਦੀ ਹੈ, 1972 ਦੀ ਨਹੀਂ ਜਦੋਂ ਮੈਂ ਬੀ ਐਸ ਸੀ ਸ਼ੁਰੂ ਕੀਤੀ ਸੀ, ਤੇ ਨਾਂ ਹੀ 1977 ਦੀ ਜਦੋਂ ਮੈਂ ਐਮ ਐੱਸ ਸੀ ਦੀ ਡਿਗਰੀ ਬੋਝੇ ਚ ਪਾਕੇ ਯੂਨੀਵਰਸਿਟੀਓਂ ਨਿੱਕਲ ਆਇਆ ਸਾਂ। ਇੱਕ ‘ਅਚਾਨਕ’ ਨਾਂਅ ਦੀ ਫਿਲਮ ਉਸ ਸਾਲ ਰਿਲੀਜ਼ ਹੋਈ ਸੀ। ਇਹ ਉਹਨਾਂ ਬਾਲੀਵੁੱਡ ਫਿਲਮਾਂ ਵਿਚੋਂ ਨਹੀਂ ਸੀ ਜਿਹੜੀਆਂ ਜੁਬਲੀਆਂ ਮਨਾਇਆ ਕਰਦੀਆਂ ਸਨ। ਲੱਗਦਾ ਸੀ ਪੈਸਾ ਬਨਾਉਣ ਬੰਨਿਓਂ ਤਾਂ ਇਹ ਫਲਾਪ ਹੀ ਰਹੀ ਹੋਣੀ ਹੈ। ਲੁਧਿਆਣੇ ਦੇ ਸਿਨਮਿਆਂ ਵਿੱਚ ਤਾਂ ਇਹ ਕੁੱਝ ਕੁ ਹਫਤੇ ਹੀ ਰਹੀ ਸੀ, ਉਹ ਵੀ ਬੱਸ ਅੱਧ ਪਚੱਧ ਭਰੇ ਹਾਲਾਂ ਨਾਲ। ਗੁਲਜ਼ਾਰ ਫਿਲਮ ਦਾ ਡਾਇਰੈਕਟਰ ਸੀ ਤੇ ਇਸ ਫਿਲਮ ਕਾਰਨ ਉਹਨੂੰ ਫਿਲਮਫੇਅਰ ਵੱਲੋਂ ਸਭ ਤੋਂ ਵਧੀਆ ਡਾਇਰੈਕਟਰ ਹੋਣ ਲਈ ਨਾਮਜ਼ਦ ਕੀਤਾ ਗਿਆ ਸੀ। ਮੈਨੂੰ ਇਹ ਫਿਲਮ ਬਹੁਤ ਪਸੰਦ ਆਈ ਸੀ। ਉਸਤੋਂ ਵੀ ਵੱਡੀ ਗੱਲ ਇਹ ਸੀ ਕਿ ਮੈਨੂੰ ਆਪਣਾਂ ਇਸ ਫਿਲਮ ਨੂੰ ਪਸੰਦ ਕਰਨਾਂ ਬਹੁਤ ਪਸੰਦ ਆਇਆ ਸੀ, ਇੱਕ ਖਾਸ ਤੇ ਵੱਡੀ ਗੱਲ ਲੱਗੀ ਸੀ। ਇਹ ‘ਕਲਾ-ਫਿਲਮ’ ਹੈ, ਮੈਂ ਚਿਤਵ ਲਿਆ ਸੀ, ਜਿਹੜੀ ਉਹਨਾਂ ਪੈਸੇ ਬਟੋਰੂ, ਪਿਆਰ ਕਹਾਣੀਆਂ ਜਾਂ ਜਸੂਸੀ ਥਰਿਲਰਾਂ ਤੋਂ, ਜਿਹਨਾਂ ਵਿੱਚ ਅਖੀਰ ਤੇ ਹੀਰੋ ਨੇ ਹੀ ਜਿੱਤਣਾਂ ਹੁੰਦਾ ਹੈ, ਹਟ ਕੇ ਸੀ। ਮਨ ਵਿੱਚ ਮੈਂ ਖੁਦ ਨੂੰ ਉਹਨਾਂ ਨਿੱਕੀ ਗਿਣਤੀ ਵਾਲੇ ਲੋਕਾਂ ਵਿੱਚ ਰੱਖ ਲਿਆ ਜਿਨਾਂ ਨੂੰ ‘ਕਲਾ ਦੀ ਸਮਝ’ ਸੀ, ਤੇ ਇਸ ‘ਕਲਾ ਦੀ ਸਮਝ’ ਦੀ ਭਾਵਨਾ ਨੂੰ ਮੈਂ ਜੁਆਨੀ ਤੋਂ ਬਾਅਦ ਆਪਣੇ ਨਾਲ ਹੀ ਲਈ ਫਿਰਿਆ, ਅਧਖੜ ਉਮਰੇ ਵੀ, ਤੇ ਫੇਰ ਆਪਣੇ ਢਲਦੇ ਸਾਲਾਂ ਵਿੱਚ ਵੀ ਇਹ ਮੇਰੇ ਨਾਲ ਹੀ ਰਹੀ, ਅੱਜ ਤੋਂ ਤਕਰੀਬਨ ਦੋ ਕੁ ਹਫਤੇ ਪਹਿਲਾਂ ਤੀਕਰ।

ਇਹ ਗੀਤੋਂ ਵਾਂਝੀ, ਨੱਬੇ ਕੁ ਮਿੰਟ ਲੰਮੀ ਫਿਲਮ, ਫਲੈਸ਼ਬੈਕਾਂ ਰਾਂਹੀ ਦਰਸਾਈ ਦਾਸਤਾਨ ਹੈ। ਮੇਜਰ ਰਣਜੀਤ ਸਿੰਘ (ਵਿਨੋਦ ਖੰਨਾ) ਜਿਸਨੂੰ ਆਪਣੀ ਪਤਨੀ ਨਾਲ ਬੇਸੁਰਾ ਪਿਆਰ ਹੈ, ਅਚਾਨਕ, ਅਣਦੱਸੀ ਛੁੱਟੀ ਆਇਆਂ, ਪਤਨੀ ਨੂੰ ਆਪਣੇ ਸਭ ਤੋਂ ਵਧੀਆ ਦੋਸਤ ਨਾਲ ਨਜਾਇਜ਼ ਤਅੱਲੁਕਾਤ ਵਿੱਚ ਵੇਖ ਲੈਂਦਾ ਹੈ, ਤੇ ਦੋਹਾਂ ਦਾ ਕਤਲ ਕਰ ਦਿੰਦਾ ਹੈ। ਨਤੀਜਨ ਉਹਨੂੰ ਮੌਤ ਦੀ ਸਜ਼ਾ ਹੋ ਜਾਂਦੀ ਹੈ।ਆਪਣੀ ਕਤਲ ਕੀਤੀ ਪਤਨੀ ਨਾਲ ਕੀਤਾ ਵਾਅਦਾ—”ਜੇਕਰ ਮੈਂ ਤੈਥੋਂ ਪਹਿਲਾਂ ਮਰ ਗਈ ਤਾਂ ਮੇਰਾ ਮੰਗਲ ਸੂਤਰ ਗੰਗਾ ਵਿੱਚ ਪਾਕੇ ਆਂਵੀਂ”— ਨਿਭਾਉਣ ਲਈ ਉਹ ਪੁਲੀਸ ਕੋਲੋਂ ਭੱਜ ਜਾਂਦਾ ਹੈ। ਪੁਲੀਸ ਉਹਨੂੰ ਗੋਲੀ ਮਾਰ ਕੇ ਕਾਬੂ ਕਰ ਲੈਂਦੀ ਹੈ ਅਤੇ ਹਸਪਤਾਲ ਦਾਖਲ ਕਰਵਾ ਦਿੰਦੀ ਹੈ, ਤੰਦਰੁਸਤ ਹੋਣ ਲਈ, ਤੇ ਤੰਦਰੁਸਤ ਹੋਏ ਨੂੰ ਫਾਸੀ ਦੇਣ ਲਈ। ਮੇਜਰ ਰਣਜੀਤ ਸਿੰਘ ਬਹੁਤ ਪਿਆਰ ਕਰਨ ਵਾਲਾ ਇਨਸਾਨ ਹੈ, ਤੇ ਉਹਦਾ ਸਹੁਰਾ—ਉਹਦੀ ਆਪਣੇ ਹੱਥਾਂ ਨਾਲ ਕਤਲ ਕੀਤੀ ਪਤਨੀ ਦਾ ਪਿਓ, ਵੀ ਉਹਦਾ ਉਪਾਸ਼ਕ ਹੈ। ਮੇਜਰ ਸਾਹਿਬ ਦਾ ਪਿਆਰ ਹਸਪਤਾਲ ਦੇ ਕਰਮਚਾਰੀਆਂ ਦਾ ਵੀ ਦਿਲ ਜਿੱਤ ਲੈਂਦਾ ਹੈ, ਦਰਸ਼ਕਾਂ ਨੂੰ ਉਹਦੇ ਨਾਲ ਨੇੜਤਾ ਹੋ ਜਾਂਦੀ ਹੈ, ਉਹਨਾਂ ਨੂੰ ਉਸਦਾ ਗੁੱਸਾ ਜਾਇਜ਼ ਲੱਗਦਾ ਹੈ, ਕੀਤੇ ਕਤਲ ਵਾਜਬ ਲੱਗਦੇ ਨੇ। ਫਿਲਮ ਦੇ ਅਖੀਰ ਵਿੱਚ ਉਸੇ ਤਰਾਂ ਦਾ ਇੱਕ ਹੋਰ, ਮੌਤ-ਦੰਡ ਗ੍ਰਹਿਸਤ ਅਤੇ ਪੁਲੀਸ ਦੀ ਗੋਲੀ ਦਾ ਸ਼ਿਕਾਰ ਵਿਅੱਕਤੀ, ਹਸਪਤਾਲ ਵਿੱਚ ਲਿਆਂਦਾ ਜਾਂਦਾ ਹੈ। ਡਾਕਟਰ ਲਈ ਇੱਕ ਸੁਆਲ ਖੜਾ ਹੋ ਜਾਂਦਾ ਹੈ—ਉਹ ਕਿਓਂ ਕਿਸੇ ਨੂੰ ਤੰਦਰੁਸਤ ਕਰੇ ਜਿਸਨੂੰ ਤੰਦਰੁਸਤ ਹੋਣ ਤੋਂ ਬਾਅਦ ਫਾਸੀ ਹੀ ਦਿੱਤੀ ਜਾਣੀ ਹੈ? ਜਿਸ ਸੋਹਣੇ ਲਹਿਜ਼ੇ ਨਾਲ ਇਹ ਨੈਤਿਕ ਦੁਬਿਧਾ ਪੇਸ਼ ਕੀਤੀ ਗਈ, ਮੈਂ ਦਹਾਕਿਆਂ ਤੀਕਰ ਇਹਨੂੰ ਸਾਂਭ ਸਾਂਭ, ਆਪਣੇ ਨਾਲ ਲਈ ਤੁਰਿਆ ਫਿਰਿਆ।

ਪਰ ਦੋ ਕੁ ਹਫਤੇ ਪਹਿਲਾਂ, ਇਸ ਦਾਅਵੇ ਨਾਲ ਕਿ ਵਧੀਆ ਬਣੀਆਂ ਹਿੰਦੀ ਫਿਲਮਾਂ ਚੋ ਇਹ ਫਿਲਮ ਪੱਕਾ ਇੱਕ ਹੈ, ਮੈਂ ਆਪਣੀ ਬੇਟੀ ਨਾਲ ਬੈਠ ਕੇ ਇਹਨੂੰ ਦੁਬਾਰਾ ਵੇਖਿਆ। ਨਤੀਜਾ? ਘ੍ਰਿਣਾ!ਕੀ ਇਹ ਕਤਲ ਗੁੱਸੇ ਚ ਬੇਕਾਬੂ ਹੋਏ ਬੰਦੇ ਨੇ ਕੀਤੇ ਨੇ? ਜੇ ਉਹਦਾ ਗੁੱਸਾ ਬੇਕਾਬੂ ਹੋਣਾ ਸੀ ਤਾਂ ਉਦੋਂ ਕਿਓਂ ਨਹੀਂ ਹੋਇਆ ਜਦੋਂ ਉਹਨੇ ਦੋਹਾਂ ਨੂੰ ਇਕੱਠਿਆਂ ਵੇਖਿਆ ਸੀ?” ਬੇਟੀ ਨੇ ਸਵਾਲ ਕੀਤਾ। “ਇਹ ਖੂਨ ਉਹਨੇ ਤਰਬੀਬ ਬੱਧ ਤਰੀਕੇ ਨਾਲ ਕੀਤੇ ਨੇ, ਇਕੱਲੇ ਇਕੱਲਿਆਂ ਦੇ, ਬਿਨਾਂ ਉਹਨਾਂ ਦਾ ਸਾਹਮਣਾ ਕੀਤਿਆਂ, ਬਿਨਾਂ ਉਹਨਾਂ ਦਾ ਪੱਖ ਸੁਣਿਆਂ, ਦੋਸਤ ਦਾ ਉਹਦੀ ਪਿੱਠ ਵਿੱਚ ਛੁਰਾ ਮਾਰ ਕੇ ਤੇ ਪਤਨੀ ਦਾ ਮੰਜੇ ਚ ਪਈ ਦੀ ਗਰਦਣ ਤੋੜ ਕੇ। ਇਹ ਉਸ ਗੁਆਂਢੀ ਪਿੰਡ ਦੇ ਬੇਕਿਰਕ ਪਿਓ ਤੋਂ ਕਿਵੇਂ ਵੱਖਰਾ ਹੋਇਆ ਜਿਸਨੇ ਆਪਣੀ ਇੱਜਤ ਬਚਾਉਣ ਦੀ ਆੜ ਵਿੱਚ ਆਪਣੀ ਨੌਜਵਾਨ ਬੱਚੀ ਕਣਕ ਦੀਆਂ ਬੋਰੀਆਂ ਹੇਠ ਦੱਬ ਕੇ ਮਾਰ ਦਿੱਤੀ ਸੀ,” ਬੇਟੀ ਨੇ ਪੁੱਛਿਆ। “ਕੀ ਦਰਸ਼ਕ ਇਹਨਾਂ ਖੂਨਾਂ ਨੂੰ ਉਸੇ ਸਰਲਤਾ ਨਾਲ ਮੰਨਜ਼ੂਰ ਕਰ ਲੈਂਦੇ ਜੇਕਰ ਇਹ ਕਹਾਣੀ ਪਲਟ ਦਿੱਤੀ ਜਾਂਦੀ? ਜੇਕਰ ਪਤਨੀ, ਆਪਣੇ ਬੇਵਫਾ ਪਤੀ ਦਾ ਖੂਨ ਇਸੇ ਤਰਬੀਬ ਬੱਧ ਤਰੀਕੇ ਨਾਲ ਕਰ ਦੇਂਦੀ?” ਬੇਟੀ ਦੇ ਮਨ ਵਿੱਚ ਰਣਜੀਤ ਸਿੰਘ ਇੱਕ ਖੂਨੀ ਸੀ, ਸਪਸ਼ਟ ਤੌਰ ਤੇ ਖੂਨੀ ‘ਏ ਕੋਲਡ-ਬਲੱਡਡ ਮਰਡਰੱਰ,’ ਉਹ ਗਰਜੀ। ਕੋਈ ਕਿਸੇ ਕਿਸਮ ਦੀ ਦੁਬਿਧਾ ਉਹਨੂੰ ਨਹੀਂ ਸੀ ਦਿਸ ਰਹੀ ਜਿਸਨੂੰ ਉਹ ਮੇਰੇ ਵਾਂਗ ਨਾਲ ਲਈ ਖਿੱਚੀ ਫਿਰਦੀ।
ਮੇਰੇ ਕੋਲ ਬੇਟੀ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਹਾਂ ਦੁਬਾਰਾ ਫਿਲਮ ਵੇਖਣ ਦੀ ਇਸ ਘਟਨਾ ਨੇ ਮੇਰੀ ਚਿਰਾਂ ਦੀ ਸਾਂਭੀ ‘ਕਲਾ-ਦੀ-ਸਮਝ’ ਵਾਲੀ ਭਾਵਨਾਂ ਦੀ ਬਾਂਹ ਜ਼ਰੂਰ ਮਰੋੜ ਦਿੱਤੀ ਸੀ। ਮੈਂ ਸੋਚਾਂ ਚ ਪੈ ਗਿਆ ਕਿ ਕੀ ਕਾਰਨ ਸੀ ਕਿ ਮੈਂ ਇਸ ਫਿਲਮ ਦੀ ਯਾਦ ਨੂੰ ਸਾਲਾਂ ਪ੍ਰਤੀ ਆਪਣੇ ਨਾਲ ਤਾਂ ਬੰਨੀਂ ਰੱਖਿਆ ਪਰ ਉਹਨਾਂ ਮਹੱਤਵਪੂਰਣ ਸੀਨਾਂ ਨੂੰ ਭੁੱਲ ਗਿਆ ਜਿਹਨਾਂ ਕਾਰਨ ਅੱਜ ਮੇਰੀ ਨੈਤਿਕ-ਸੋਚ ਨੂੰ ਕੁਟਾਪਾ ਚੜਨਾ ਸੀ। ਕੀ ਡਾਕਟਰ ਦੀ ‘ਨੈਤਿਕ-ਦੁਬਿਧਾ’ ਮੇਰੇ ਤੇ ਐਡੀ ਹਾਵੀ ਹੋ ਗਈ ਸੀ ਕਿ ਮੇਰਾ ਧਿਆਨ ਉਹਨਾਂ ਬੇਲਾਗੀ ਨਾਲ ਕੀਤੇ ਕਤਲਾਂ ਵੱਲ ਗਿਆ ਹੀ ਨਹੀਂ? ਕਿਤੇ ਇਹ ਮੇਰੀਆਂ ਭਾਵਨਾਵਾਂ ਹੀ ਤਾਂ ਨਹੀਂ, ਇੱਕ ਮਰਦ-ਭਾਰੂ ਸਮਾਜ ਵਿੱਚ ਪਲੀਆਂ ਭਾਵਨਾਵਾਂ, ਜਿਹੜੀਆਂ ਇੱਕ ਔਰਤ ਦੇ ਕਤਲ ਨੂੰ ਬਿਨਾਂ ਸਮਝੇ ਸਵੀਕਾਰ ਕਰ ਗਈਆਂ? ਮੇਰੇ ਕੋਲ ਇਹਦਾ ਜਵਾਬ ਨਹੀਂ ਸੀ। ਪਰ ਸਮਾਜ ਦੀਆਂ ਰੀਤਾਂ ਇਨਸਾਨ ਨੂੰ ਬੇਰਹਿਮ ਕਰ ਸਕਦੀਆਂ ਨੇ, ਇਸਦਾ ਮੈਨੂੰ ਯਕੀਨ ਸੀ। ਮੈਨੂੰ ਆਪਣੇ ਪੰਜਾਬੀ ਜ਼ਿਮੀਦਾਰ ਦੋਸਤ ਦੀ ਗੱਲ ਯਾਦ ਆਈ, ਜਿਸ ਨਾਲ ਮੈਂ ਦਿੱਲੀ ਵਿੱਚ ਹੋਏ, ਨਿਰਭਇਆ ਦੇ ਭਿਆਨਕ ਕਤਲ-ਬਲਾਤਕਾਰ ਬਾਰੇ ਅਫਸੋਸ ਕਰ ਬੈਠਾ ਸਾਂ। ਉਹਦਾ ਜਵਾਬ ਸੀ “ਜੇਕਰ ਇੱਕ ਬਦਚਲਣ ਕੁੜੀ (ਅਣਵਿਆਹੀ ਕੁੜੀ, ਗੈਰ ਮਰਦ ਨਾਲ ਤੁਰੀ ਫਿਰਦੀ ਬਦਚਲਣ ਹੀ ਹੋਈ ਨਾਂ) ਰਾਤਾਂ ਨੂੰ ਘੁੰਮਦੀ ਫਿਰੇ, ਤਾਂ ਨਤੀਜਾ ਫੇਰ ਇਹੋ ਹੋਊ।”

ਮੈਂ ਸੋਚਦਾ ਹਾਂ ਕਿ ਉਹ ਕਿੱਡਾ ਕੁ ਵੱਡਾ ਉਦੇਸ਼ ਹੋਵੇਗਾ ਸਾਡੇ ਹੜਤਾਲ ਕਰਨ ਦਾ ਜਿਸਦਾ ਕਾਰਨ ਵੀ ਮੈਨੂੰ ਅੱਜ ਯਾਦ ਨਹੀਂ? ਕੌਣ ਸਾਡੀਆਂ ਭਾਵਨਾਵਾਂ ਨੂੰ ਭੜਕਾ ਰਿਹਾ ਸੀ, ਕੌਣ ਸਾਡੀਆਂ ਡੋਰਾਂ ਖਿੱਚ ਰਿਹਾ ਸੀ, ਕੋਠੇ ਤੇ ਪੱਥਰ ਫੜੀ ਬੈਠਿਆਂ ਦੀਆਂ? ਕੀ ਬਣਦਾ ਜੇਕਰ ਪੁਲੀਸ ਹੋਸਟਲ ਦੇ ਨੇੜੇ ਆ ਜਾਂਦੀ? ਜੇ ਭਲਾ ਸਾਡੇ ਵਗਾਹੇ ਪੱਥਰ ਕਿਸੇ ਬੇਕਸੂਰ, ਡਿਊਟੀ ਬੱਧ ਪੁਲੀਸ ਕਰਮਚਾਰੀ ਦੀ ਜਾਨ ਲੈ ਲੈਂਦੇ? ਕੌਣ ਸਮਝਾਉਂਦਾ ਉਸਦੀ ਚਿਤਾ ਨੂੰ ਲਾਂਬੂ ਲਾਉਣ ਵਾਲੇ ਮਾਪਿਆਂ ਨੂੰ, ਯਤੀਮ ਬੱਚਿਆਂ ਨੂੰ, ਵਿਧਵਾ ਪਤਨੀ ਨੂੰ, ਸਾਡੇ ਉਦੇਸ਼ ਦੀਆਂ ਡੂੰਘਾਈਆਂ ਬਾਰੇ?

ਕਿਵੇਂ ਆਪਾਂ ਆਪਣੀਆਂ ਕਹਾਣੀਆਂ ਦੇ ਚੰਗੇ ਪਹਿਲੂਆਂ ਨੂੰ ਸੰਭਾਲੀ ਜ਼ਿੰਦਗੀ ਚ ਅੱਗੇ ਤੁਰੇ ਜਾਂਦੇ ਹਾਂ, ਬਿਨਾਂ ਸੋਚਿਆਂ ਵਿਚਾਰਿਆਂ ਕਿ ਇਹਨਾਂ ਕਹਾਣੀਆਂ ਦਾ ਕੋਈ ਦੂਜਾ ਪਾਸਾ ਵੀ ਹੁੰਦਾ ਹੈ, ਹੋਰ ਵੀ ਪਾਤਰ ਹੁੰਦੇ ਹਨ ਜਿਹਨਾ ਦਾ ਸਾਹਮਣਾ ਅਸੀਂ ਨਾਂ ਕਦੀ ਕਰਦੇ ਹਾਂ ਤੇ ਨਾਂ ਹੀ ਕਰਨਾ ਚਾਹੁੰਦੇ ਹਾਂ।

4.5 2 votes
Article Rating
Subscribe
Notify of
guest

0 Comments
Inline Feedbacks
View all comments